Monday, February 07, 2011

ਭਾਈ ਦਲਜੀਤ ਸਿੰਘ ਬਿੱਟੂ ਤੇ ਸਾਥੀਆਂ ਨੂੰ ਮਿਲੀ ਜ਼ਮਾਨਤ

ਭਾਈ ਦਲਜੀਤ ਸਿੰਘ ਬਿੱਟੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਲਵਿੰਦਰ ਸਿੰਘ ਸ਼ੁਤਰਾਣਾ 
ਅਤੇ ਗੁਰਦੀਪ ਸਿੰਘ ਰਾਜੂ ਨੂੰ ਅੱਜ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

ਚੰਡੀਗੜ੍ਹ, 7 ਫਰਵਰੀਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਲਵਿੰਦਰ ਸਿੰਘ ਸ਼ੁਤਰਾਣਾ ਅਤੇ ਗੁਰਦੀਪ ਸਿੰਘ ਰਾਜੂ ਨੂੰ ਅੱਜ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ ਥਾਣਾ ਗੁਰਦੇਵ ਨਗਰ ਲੁਧਿਆਣਾ ਦੀ ਪੁਲਿਸ ਵਲੋਂ ਐਫ ਆਈ ਆਰ ਨੰਬਰ 131 ਤਹਿਤ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ 1967 ਦੀ ਧਾਰਾ 13,15,16,17,18,19,20 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਜ਼ਮਾਨਤ ਦੇ ਵਿਰੋਧ ਵਿਚ ਸਰਕਾਰੀ ਧਿਰ ਦੀਆਂ ਦਲੀਲਾਂ ਨੂੰ ਮਾਨਯੋਗ ਜਸਟਿਸ ਅਜੈ ਤਿਵਾੜੀ ਨੇ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਧਿਰ ਦੀਆਂ ਦਲੀਲਾਂ ਅਨੁਸਾਰ ਉਕਤ ਵਿੱਚੋਂ ਕੋਈ ਵੀ ਧਾਰਾ ਦਲਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ’ਤੇ ਲਾਗੂ ਨਹੀਂ ਹੁੰਦੀ ਅਤੇ ਅਜੇ ਤੱਕ 53 ਵਿਚੋਂ ਕੋਈ ਇਕ ਵੀ ਗਵਾਹੀ ਅਜੇ ਤੱਕ ਨਹੀਂ ਭੁਗਤਾਈ ਗਈ ਜਦਕਿ ਉਹ 19 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਇਸ ਮੌਕੇ ਭਾਈ ਬਿੱਟੂ ਤੇ ਉਨ੍ਹਾਂ ਦੇ ਸਾਥੀਆਂ ਦੇ ਵਕੀਲ ਵਜੋਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਹਰਪਾਲ ਸਿੰਘ ਚੀਮਾ, ਗੁਰਸਿਮਰਨ ਸਿੰਘ ਤੇ ਪੂਰਨ ਸਿੰਘ ਹੁੰਦਲ ਹਾਜ਼ਰ ਹੋਏ। ਇਸ ਮੌਕੇ ਅਦਾਲਤ ਦੇ ਇਸ ਫੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਭਾਵੇਂ ਦੇਰ ਨਾਲ ਹੀ ਸਹੀ ਫਿਰ ਵੀ ਅਦਾਲਤ ਵਲੋਂ ਜ਼ਮਾਨਤ ਮਿਲਣ ਨਾਲ ਸਾਨੂੰ ਇਨਸਾਫ਼ ਮਿਲਿਆ ਹੈ ਤੇ ਸਾਡੀ ਸਚਾਈ ਦੀ ਜਿੱਤ ਹੋਈ ਹੈ। ਇਸ ਨਾਲ ਇਹ ਗੱਲ ਵੀ ਜਗ ਜਾਹਰ ਹੋ ਗਈ ਹੈ ਕਿ ਸੱਤਾ ’ਤੇ ਕਾਬਜ਼ ਧਿਰ ਸਿਆਸੀ ਖਾਸ ਕਰ ਵਿਚਾਰਾਤਮਕ ਵਿਰੋਧੀਆਂ ਕਿਵੇਂ ਕਾਨੂੰਨ ਦੀ ਦੁਰਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਈ ਬਿੱਟੂ ਤੇ ਸਾਥੀਆਂ ਨੂੰ ਬਿਨਾਂ ਕਿਸੇ ਸਬੂਤ ਦੇ ਜੇਲ੍ਹ ਅੰਦਰ ਰੱਖਣ ਲਈ ਹੀ ਪੰਜਾਬ ਸਰਕਾਰ ਤੇ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਨੂੰ ਜਾਨ ਬੁੱਝ ਕੇ ਲਮਕਾਇਆ ਜਾ ਰਿਹਾ ਸੀ।ਇਸ ਸਮੇਂ ਕੋਰਟ ਰੂਪ ਵਿੱਚ ਸਤਨਾਮ ਸਿੰਘ ਭਾਰਾਪੁਰ, ਸਰਪੰਚ ਗੁਰਮੁਖ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਹੈਪੀ ਭਾਰਾਪੁਰ ਅਤੇ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ--ਹਰਪਾਲ ਸਿੰਘ ਚੀਮਾ   

No comments: