Friday, February 11, 2011

ਇੱਕ ਵਿਛੋੜਾ ਹੋਰ

ਸ੍ਰੀ ਗੁਰੂ -ਗਿਆਨ ਪ੍ਰਕਾਸ਼ ਫਾਊਂਡੇਸ਼ਨ ਦੀ ਚੇਅਰ ਪਰਸਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੈਨੇਟ ਮੈਂਬਰ ਬੀਬੀ ਜਸਬੀਰ ਕੌਰ ਖਾਲਸਾ ਦਾ 64 ਸਾਲਾਂ ਦੀ ਉਮਰ ਵਿੱਚ  ਦੇਹਾਂਤ ਹੋ ਗਿਆ. ਉਹਨਾਂ ਨੂੰ ਵੀਰਵਾਰ 10 ਫਰਵਰੀ ਵਾਲੇ ਦਿਨ  ਦੁਪਹਿਰੇ ਆਪਣੇ ਘਰ ਵਿੱਚ ਹੀ ਦਿਲ ਦਾ ਦੌਰਾ ਪਿਆ ਸੀ. ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 11 ਫਰਵਰੀ ਨੂੰ ਮਾਡਲ ਟਾਊਨ ਐਕਟੈਨਸ਼ਨ ਵਿੱਚ ਕਰ ਦਿੱਤਾ ਗਿਆ. ਇਸ ਵਿਛੋੜੇ ਨਾਲ ਸੰਤ ਬਾਬਾ ਸੁੱਚਾ ਸਿੰਘ ਜੀ ਦੀਆਂ ਵੀ ਕਈ ਯਾਦਾਂ ਤਾਜ਼ਾ ਹੋ ਗਈਆਂ. ਜਤਿੰਦਰ ਜੌਲੀ ਦੇ ਵਿਛੋੜੇ ਦਾ ਦੁੱਖ ਵੀ ਇੱਕ ਵਾਰ ਫਿਰ ਤੀਬਰ ਹੋ ਗਿਆ. ਗਿਆਨੀ ਰਾਜਿੰਦਰ ਸਿੰਘ ਛਾਬੜਾ ਅਤੇ ਡਾਕਟਰ ਅਜਮੇਰ ਸਿੰਘ ਦੇ ਅਕਾਲ ਚਲਾਣੇ ਨਾਲ ਪਿਆ ਖਲਾਅ ਵੀ ਇੱਕ ਵਾਰ ਫੇਰ ਦਿਲ ਨੂੰ ਡੋਬੂ ਪਾਉਣ ਲੱਗ ਪਿਆ.ਕਿਸੇ ਵੇਲੇ ਇਹਨਾਂ ਸਾਰਿਆਂ ਨਾਲ   ਮੁਲਾਕਾਤ ਹੋ ਜਾਇਆ ਕਰਦੀ ਸੀ ਜਵੱਦੀ ਜਾ ਕੇ.ਜਵੱਦੀ ਵਾਲਾ ਥਾਂ ਅਸਥਾਨ ਇੱਕ ਮਹਾਨ ਕੁੰਭ ਵਰਗਾ ਬਣ ਜਾਇਆ ਕਰਦਾ ਸੀ. ਇਸ ਮਹਾਨ ਕੁੰਭ ਵਿੱਚ ਬਹੁਤ ਸਾਰੀਆਂ ਬਹੁ ਪੱਖੀ ਸ਼ਖਸੀਅਤਾਂ ਪਹੁੰਚਿਆ ਕਰਦੀਆਂ ਸਨ.ਸੰਤ ਬਾਬਾ ਸੁੱਚਾ ਸਿੰਘ ਹੁਰਾਂ ਨੇ ਇਹਨਾਂ ਸਾਰਿਆਂ ਨੂੰ ਕਈ ਵਾਰ ਕਿਹਾ ਵੀ ਸੀ ਕੀ ਤੁਸੀਂ ਹੁਣ ਬਹੁਤ ਕੁਝ ਕਰ ਲਿਆ; ਸਾਰੀਆਂ ਜਿੰਮੇਵਾਰੀਆਂ ਨਿਭਾ ਲਈਆਂ ਹੁਣ ਏਥੇ ਆ ਜਾਓ. ਪਰ ਸਭ ਕੁਝ ਕਦੇ ਸਾਡੇ ਵਸ ਵਿੱਚ ਨਹੀਂ ਹੁੰਦਾ. 
ਸਭ ਤੋਂ ਵਧ ਸੇਵਾ ਸ਼ਾਇਦ ਬੀਬੀ  ਜਸਬੀਰ ਕੌਰ ਹੁਰਾਂ ਦੇ ਹਿੱਸੇ ਹੀ ਆਈ ਸੀ.ਇਸਨੂੰ ਕਿਸਮਤ ਵੀ ਕਿਹਾ ਜਾ ਸਕਦਾ ਹੈ ਉਹਨਾਂ ਦੇ ਚੰਗੇ ਕਰਮਾਂ ਦਾ ਫਲ ਵੀ.ਜਵੱਦੀ ਟਕਸਾਲ ਨਾਲ ਉਹਨਾਂ ਦਾ ਨਾਤਾ ਅਟੁੱਟ ਸੀ.  ਸੰਤ ਬਾਬਾ ਸੁੱਚਾ ਸਿੰਘ ਹੁਰਾਂ ਤੋਂ ਬਾਅਦ ਇਸ ਥਾਂ ਤੋਂ ਦੂਰ ਰਹਿ ਕੇ ਵੀ ਉਹ ਕਿਸੇ ਅਣਦਿਸਦੀ ਸ਼ਕਤੀ ਰਾਹੀਂ ਇਸ ਅਸਥਾਨ ਨਾਲ ਜੁੜੇ ਰਹੇ ਸਨ.ਜਦੋਂ ਕਦੇ ਉਹਨਾਂ ਨਾਲ ਫੋਨ ਤੇ ਵੀ ਗੱਲ ਹੁੰਦੀ ਤਾਂ ਲੱਗਦਾ ਕਿਸੇ ਲਿਵ ਜੁੜੀ ਵਾਲੀ ਅਵਸਥਾ ਵਿੱਚੋਂ ਬੋਲ ਰਹੇ ਹਨ.ਅਚਾਨਕ ਹੀ ਮੇਰਾ ਉਹ ਫੋਨ ਸੇਟ ਗੁਆਚ ਗਿਆ ਅਤੇ ਉਸਦੇ ਨਾਲ ਹੀ ਬਹੁਤ ਸਾਰੇ ਨੰਬਰ ਵੀ.ਫਿਰ ਕਾਫੀ ਸਮਾਂ ਗੱਲ ਹੀ ਨਹੀਂ ਹੋਈ.ਹੁਣ ਕਈ ਹਫਤਿਆਂ ਤੋਂ ਸੋਚ ਰਿਹਾ ਸਾਂ ਕਿ ਖੁਦ ਜਾ ਕੇ ਨੰਬਰ ਲੈ ਆਵਾਂ ਪਰ ਸੋਚਾਂ ਸੋਚਣ ਵਿੱਚ ਹੀ ਭਾਣਾ ਵਰਤ ਗਿਆ. 
ਬੀਬੀ ਜਸਬੀਰ ਕੌਰ ਜੀ ਨੇ ਪੜ੍ਹਾਈ ਤੋਂ ਬਾਅਦ ਆਪਣਾ ਧਾਰਮਿਕ ਜੀਵਨ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੀ ਸੰਗਤ ਵਾਲੇ ਅਧਿਆਤਮਿਕ ਮਾਹੌਲ ਵਿੱਚ ਆਰੰਭ ਕੀਤਾ.ਧਾਰਮਿਕ ਬਿਰਤੀ,ਸੰਗੀਤ ਦੀ ਲਗਨ ਅਤੇ ਗੁਰਬਾਣੀ ਵਿਚਾਰ ਦੇ ਸਾਗਰਾਂ ਵਿੱਚ ਰਹਿਣ ਕਾਰਣ ਹੀ ਵਿਆਹ ਵਾਲੇ ਪਾਸੇ ਕਦੇ ਉਹਨਾਂ ਦਾ ਧਿਆਨ ਹੀ ਨਹੀਂ ਗਿਆ. ਉਹ ਸਾਰੀ ਉਮਰ ਇਸ ਸਾਧਨਾ ਨੂੰ ਸਮਰਪਿਤ ਰਹੇ.ਉਨੀਵੇਂ ਵਰ੍ਹੇ ਵਿੱਚ ਉਹ ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਦੇ ਸਹਾਇਕ ਬਣ ਗਏ. ਗੁਰਬਾਣੀ ਸੰਗੀਤ ਨੂੰ ਵਧ ਤੋਂ ਵਧ ਲੋਕਾਂ ਤੱਕ ਪਹੁੰਚਾਉਣ ਦੇ ਮਾਮਲੇ ਵਿੱਚ ਉਹਨਾਂ ਮਿਸਾਲੀ ਕੰਮ ਕੀਤਾ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਧਾਰਤ ਰਾਗਾਂ ਦੀ ਪੁਨਰ ਸੁਰਜੀਤੀ ਲਈ ਉਹਨਾਂ ਪੂਰੇ ਜੀ ਜਾਨ ਨਾਲ ਜੋ ਕੰਮ ਕੀਤਾ ਉਹ ਹਮੇਸ਼ਾਂ ਯਾਦ ਰਖਿਆ ਜਾਏਗਾ. ਬੀਬੀ  ਜਸਬੀਰ ਕੌਰ ਨੇ ਦਸਮੇਸ਼ ਸੇਵਕ ਜਥਾ ਦਿੱਲੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ. ਉਹਨਾਂ ਕਦੇ ਪੁਰਸਕਾਰਾਂ ਲਈ ਕੰਮ ਨਹੀਂ ਸੀ ਕੀਤਾ ਪਰ ਉਹਨਾਂ ਨੂੰ ਮਿਲੇ ਮਾਨਾ ਸਨਮਾਨਾ ਦੀ ਲਿਸਟ ਬੜੀ ਲੰਮੀ ਹੈ. ਭਾਸ਼ਾ ਵਿਭਾਗ ਵਲੋਂ ਉਨ੍ਹਾਂ ਨੂੰ ਸੰਤ ਤੇਜਾ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ. ਇਸ ਤੋਂ ਇਲਾਵਾ ਉਨ੍ਹਾਂ ਨੂੰ ਸੰਤ ਦਲੇਰ ਸਿੰਘ ਅਤੇ ਹੋਰ ਅਨੇਕਾਂ ਪੁਰਸਕਾਰ ਵੀ ਮਿਲੇ ਸਨ.
ਕਰਮ ਯੋਗੀ ਵਾਲੇ ਸਿਧਾਂਤ ਨੂੰ ਉਹਨਾਂ ਹਮੇਸ਼ਾਂ ਯਾਦ ਰਖਿਆ.ਦਿਮਾਗ ਏਨਾ ਤੇਜ਼ ਕਿ ਸਭ ਹੈਰਾਨ ਰਹਿ ਜਾਂਦੇ. ਸੰਤ ਬਾਬਾ ਸੁੱਚਾ ਸਿੰਘ ਹੁਰਾਂ ਦੇ ਜੀਵਨ ਕਾਲ ਵਿੱਚ ਹੀ ਉਹਨਾਂ ਨੂੰ ਕੰਪਿਊਟਰ ਆਖਿਆ ਜਾਂਦਾ ਸੀ. ਜਿਸ ਜ਼ਮਾਨੇ ਵਿੱਚ ਫੈਕਸਾਂ ਵੀ ਆਮ ਨਹੀਂ ਸਨ ਹੁੰਦਿਆਂ ਉਸ ਦੌਰ ਵਿੱਚ ਉਹ ਕੰਪਿਊਟਰ ਦੇ ਪੂਰੀ ਤਰਾਂ ਮਾਹਰ ਸਨ. ਬੀਬੀ ਜਸਬੀਰ ਕੌਰ ਖਾਲਸਾ ਦੇ ਉਦਮ ਸਦਕਾ ਪੰਜਾਬੀ ਯੂਨੀਵਰਸਿਟੀ ਵਿੱਚ ਸੰਤ ਬਾਬਾ ਸੁੱਚਾ ਸਿੰਘ ਚੇਅਰ ਸਥਾਪਤ ਹੋਈ ਅਤੇ ਸੰਪੂਰਨ ਰੂਪ ਵਿੱਚ ਗੁਰਮਤਿ ਸੰਗੀਤ ਦਾ ਵਿਭਾਗ ਬਣਾਇਆ ਗਿਆ ਜਿਥੇ ਅੱਜ ਕੱਲ੍ਹ ਪੀਐਚ.ਡੀ. ਤੱਕ ਦੀ ਪੜ੍ਹਾਈ ਵੀ ਹੋ ਰਹੀ ਹੈ. ਬੀਬੀ ਜਸਬੀਰ ਕੌਰ ਖਾਲਸਾ ਨੇ ਗੁਰਮਤਿ ਸੰਗੀਤ ਬਾਰੇ ਕਈ ਪੁਸਤਕਾਂ ਵੀ ਲਿਖੀਆਂ. ਏਸੇ ਤਰਾਂ ਉਹਨਾਂ ਕਈ ਪੁਸਤਕਾਂ ਸੰਪਾਦਿਤ ਵੀ ਕੀਤੀਆਂ. ਉਨ੍ਹਾਂ ਵੱਲੋਂ ਕੀਤੇ ਗੁਰਮਤਿ ਸੰਗੀਤ ਸੰਮੇਲਨ ਸਿੱਖ ਜਗਤ ਵਿੱਚ ਮੀਲ ਪੱਥਰ ਸਾਬਤ ਹੋਏ.ਉਹਨਾਂ ਦੇ ਅਕਾਲ ਚਲਾਣੇ ਨਾਲ ਸੋਗ ਦੀ ਇੱਕ ਲਹਿਰ ਦੌੜ ਗਈ ਹੈ. ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਹਨਾਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ. ਕਾਬਿਲੇ ਜ਼ਿਕਰ ਹੈ ਕਿ ਉਹ ਅਕਸਰ ਜਵੱਦੀ ਵਿੱਚ ਉਨ੍ਹਾਂ ਵੱਲੋਂ ਰੱਖੇ ਸੰਮੇਲਨਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਸਨ. ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਸਿੱਖ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ. ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ, ਕੌਮੀ ਸਾਹਿਤ ਤੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਰਣਜੀਤ ਸਿੰਘ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ.ਗੁਰਭਜਨ ਗਿੱਲ,ਪੰਜਾਬੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ.ਜਸਪਾਲ ਸਿੰਘ,ਭਾਸ਼ਾ ਅਫ਼ਸਰ ਹਰਪਾਲ ਸਿੰਘ ਸਿੱਧੂ,ਸਤੀਸ਼ ਗੁਲਾਟੀ,ਅਮਰਜੀਤ ਸਿੰਘ ਗਰੇਵਾਲ,ਸ਼ਾਇਰ ਸੁਰਜੀਤ ਪਾਤਰ ਅਤੇ ਕਈ ਹੋਰ ਸ਼ਖਸੀਅਤਾਂ  ਅਤੇ  ਕਲਮਕਾਰਾਂ ਨੇ ਵੀ ਇਸ ਵਿਛੋੜੇ ਤੇ ਅਫਸੋਸ ਪ੍ਰਗਟ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ. ਡਾਕਟਰ ਸੁਤਿੰਦਰ ਸਿੰਘ ਨੂਰ ਹੁਰਾਂ ਦੇ ਵਿਛੋੜੇ ਮਗਰੋਂ ਅਗਲੇ ਹੀ ਦਿਨ ਇਹ ਸਦਮਾ ਸਹਿਣਾ..ਸਚਮੁਚ ਬਹੁਤ ਹੀ ਔਖਾ ਲੱਗ ਰਿਹਾ ਹੈ...ਬਹੁਤ  ਹੀ ਅਸਹਿ.--ਰੈਕਟਰ ਕਥੂਰੀਆ 

No comments: