Wednesday, February 23, 2011

ਹਾਲੇ ਮੁਬਾਰਕ ਨਹੀਂ


ਲੋਕਾਂ ਨਾਲ ਜੁੜੇ ਕਲਮਕਾਰਾਂ, ਕਲਾਕਾਰਾਂ ਅਤੇ ਵਿਚਾਰਕਾਂ ਨੂੰ ਹਰ ਪਲ ਇੱਕੋ ਹੀ ਚਿੰਤਾ ਰਹਿੰਦੀ ਹੈ ਕੀ ਲੋਕਾਂ ਦੇ ਹਾਲਾਤ ਬੇਹਤਰ ਕਿਵੇਂ ਹੋਣ. ਸ਼ਾਇਦ ਇਹੀ ਚਿੰਤਾ ਸੀ ਜਿਸਨੇ ਕਾਰਲ ਮਾਰਕਸ ਕੋਲੋਂ ਮਾੜੇ ਤੋਂ ਮਾੜੇ ਆਰਥਿਕ ਹਾਲਾਤਾਂ ਵਿੱਚ ਵੀ ਉਹ ਰਚਨਾ ਕਰਵਾ ਲਈ ਜਿਸ ਦੇ ਵਿਚਾਰਾਂ ਦਾ ਜੋਰ ਅਣਗਿਣਤ  ਸਾਜ਼ਿਸ਼ਾਂ ਦੇ ਬਾਵਜੂਦ ਵੀ ਲੋਕਾਂ ਨੂੰ ਹਰ ਭੀੜ ਵੇਲੇ ਇੱਕ ਰਾਹ ਦਿਖਾਉਂਦਾ ਹੈ ਅਤੇ    ਨਿਤ ਨਵੀਂ ਹਿੰਮਤ ਵੀ ਦੇਂਦਾ ਹੈ. ਲੋਕਾਂ ਨਾਲ ਜੁੜੇ ਲੋਕ ਹੀ ਸਮਝ ਸਕਦੇ ਹਨ ਕਿ ਜਦੋਂ ਤੱਕ ਸਾਰਿਆਂ  ਦੇ ਦੁੱਖ ਦੂਰ ਨਹੀਂ ਹੁੰਦੇ ਉਦੋਂ ਤੀਕ ਨਿਜੀ ਖੁਸ਼ੀਆਂ ਦੀ ਕੋਈ ਅਹਿਮੀਅਤ ਨਹੀਂ ਹੋ ਸਕਦੀ. ਕੱਲ ਅਰਥਾਤ 22 ਫਰਵਰੀ ਨੂੰ ਆਪਣੇ ਜਾਣੇ ਪਛਾਣੇ ਕਵੀ ਅਤੇ ਵਿਚਾਰਕ ਇਕ਼ਬਾਲ ਗਿੱਲ ਹੁਰਾਂ ਦਾ ਜਨਮ ਦਿਨ ਸੀ. ਉਹਨਾਂ ਨੂੰ ਜਾਨਣ ਵਾਲਿਆਂ ਦਾ ਖੁਸ਼ ਹੋਣਾ ਵੀ ਸੁਭਾਵਿਕ ਸੀ. ਜਨਮ ਦਿਨ ਦੀਆਂ ਮੁਬਾਰਕਾਂ ਦਾ ਹੜ੍ਹ ਜਿਹਾ ਹੀ ਆ ਗਿਆ. ਇਸ ਮੌਕੇ ਤੇ ਮੈਂ ਵੀ ਕਿਹਾ," ਇਕ਼ਬਾਲ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ.....ਇਹ ਦਿਨ ਤੁਹਾਡੇ ਸੁਪਨਿਆਂ ਨੂੰ ਵੀ ਸਾਕਾਰ ਕਰੇ ਅਤੇ ਉਹਨਾਂ ਦੱਬੇ ਕੁਚਲੇ ਲੋਕਾਂ ਦੇ ਸੁਪਨਿਆਂ ਨੂੰ ਵੀ ਜਿਹੜੇ ਤੁਹਾਡੇ ਤੋਂ ਬਹੁਤ ਆਸਾਂ ਲਗਾ ਕੇ ਬੈਠੇ ਹਨ...ਉਮੀਦ ਹੈ ਕਿ ਇਹ ਵਰ੍ਹਾ ਤੁਹਾਡਾ ਅਤੇ ਇਹਨਾਂ ਲੋਕਾਂ ਦਾ ਰਾਬਤਾ ਹੋਰ ਮਜ਼ਬੂਤ ਕਰੇਗਾ....ਆਮ ਲੋਕਾਂ ਲਈ ਇਕ਼ਬਾਲ ਨਾਮ ਦਾ ਇਹ ਚਾਨਣ ਮੁਨਾਰਾ ਹੋਰ ਰੌਸ਼ਨ ਅਤੇ ਹੋਰ ਉਚੇਰਾ ਹੋਵੇ.....ਇਸ ਕਾਮਨਾ ਨਾਲ ਇੱਕ ਵਾਰ ਫਿਰ ਜਨਮ ਦਿਨ ਮੁਬਾਰਕ...." ਇਸ ਤੋਂ ਬਾਅਦ ਜਦੋਂ ਰਾਤ ਮੁੱਕ ਰਹੀ ਸੀ ਤਾਂ ਮੈਂ ਵੀ ਕੰਪਿਊਟਰ ਤੋਂ ਉਠਣ ਦੀ ਤਿਆਰੀ ਕਰ ਰਿਹਾ ਸਾਂ. ਸਿਹਤ ਖਰਾਬ ਸੀ ਅਤੇ ਦਵਾਈ ਲੈਣ ਲਈ ਜਾਣ ਦਾ ਕੰਮ ਲਗਾਤਾਰ ਅੱਗੇ ਪੈ ਰਿਹਾ ਸੀ. ਪਹਿਲਾਂ ਕਈ ਕਈ ਵਾਰ ਕੰਮ ਕਰਦਿਆਂ ਹੀ ਸਵੇਰ ਹੋ ਜਾਂਦੀ ਸੀ ਪਰ ਬੀਤੀ ਰਾਤ ਜਦੋਂ ਰਾਤ ਅਧ ਦੇ ਕਰੀਬ ਪਹੁੰਚੀ ਤਾਂ ਬੈਠਣ ਔਖਾ ਜਿਹਾ ਲੱਗਣ ਪਿਆ. ਸੋਚਿਆ ਬਸ ਹੁਣ ਸੋਂ ਜਾਣਾ ਚਾਹੀਦਾ ਹੈ. ਏਨੇ 'ਚ ਹੀ ਇਨ ਬੋਕਸ ਤੇ ਨਜਰ ਪਈ ਤਾਂ ਦੇਖਿਆ ਇੱਕ ਸੁਨੇਹਾ ਸੀ. ਖੋਹਲਿਆ ਤਾਂ ਇੱਕ ਬਹੁਤ ਹੀ ਸ਼ਾਨਦਾਰ ਨਜ਼ਮ ਸੀ. ਲਓ ਤੁਸੀਂ ਵੀ ਪੜ੍ਹੋ ਇਕ਼ਬਾਲ ਗਿੱਲ ਦੀ ਇਹ ਨਜ਼ਮ...ਜਿਹੜੀ ਇਕ਼ਬਾਲ ਗਿੱਲ ਹੁਰਾਂ ਵੱਲੋਂ ਆਪਣੇ ਜਨਮ ਦਿਨ ਦੀਆਂ ਮੁਬਾਰਕਾਂ ਮਿਲਣ ਤੇ ਲਿਖੀ ਗਈ. ਇਸ ਵਿਚਲਾ ਦਰਦ, ਇਸ ਵਿਚਲਾ ਸੰਕਲਪ ਤੁਸੀਂ ਪੜ੍ਹ ਕੇ ਹੀ ਮਹਿਸੂਸ ਕਰ ਸਕਦੇ ਹੋ, ਸੋ ਪੜ੍ਹੋ  ਅਤੇ ਵਿਚਾਰੋ ਇਸ ਵਿਚਲਾ ਸਚ....  ਹਾਲੇ ਮੁਬਾਰਕ ਨਹੀਂ.... 
   --ਹਾਲੇ ਮੁਬਾਰਕ ਨਹੀਂ--
ਕੀ ਹੈ ਇਹ ਖੁਸ਼ੀ ?
ਇੱਕ ਹੋਰ ਸਾਲ ਗੁਜਰਨ ਦੀ
ਜਿੰਦਗੀ ਦੀ ਲੀਹ 'ਤੇ
ਘਿਸਟਦੇ ਲਾਸ਼ ਆਂਗੂੰ |
ਨਾ ਕਰਦੇ ਕੋਈ ਚਾਰਾ
ਜਿੰਦਗੀ ਨੂੰ ਜਿੰਦਗੀ ਕਰਨ ਦਾ |
ਕਿ ਹੰਝੂਆਂ ਦੀ ਆਮਦ ਤੇ
ਮੈਂ ਸ਼ਰਮ ਨਾਲ ਕਰਦਾ ਹਾਂ
ਖੁਦ ਤੋਂ ਪਰਦਾ |
ਕਿ ਜਮੀਰ ਖਰੋਚਦੀ ਹੈ
ਬੇਬਸੀਆਂ ਦੀ ਝੂਠੀ ਪਰਤ
ਮੈਂ ਨੰਗਾ ਹੋਣ ਤੋਂ ਡਰਦਾ ਹਾਂ |
ਕਿ ਚਰਿਤਰ ਦੀ ਪਾਠਸ਼ਾਲਾ
ਅਜੇ ਵੀ ਮੋਹਥਾਜ ਹੈ
ਕਿਸੇ ਕਾਲੇ ਕੋਲੇ ਦੀ
ਲਿਖਣ ਨੂੰ ਮੁਹਬਤ ਦੇ ਨਾਂ ਹੇਠ
ਫਰੇਬੀ ਖੁਦਗਰਜ਼ ਲਫਜਾਂ 'ਨਾ
ਸੁਭ੍ਕਦਾ ਜਿਹਾ ਕੋਈ ਗੀਤ |
ਕਿ ਲਭਿਆ ਨਹੀਂ
ਉਹ ਖੂੰਜਾ ਜਿਥੇ
ਦੱਬ ਭੁਲਾ ਹਾਂ
ਹੱਕਾਂ ਦੇ ਕੰਚੇ,
ਜਿੰਨਾਂ ਵਿਚ ਹੈ ਕੁਝ ਹਿੱਸਾ
ਮੇਰੇ ਸਾਥੀਆਂ ਦਾ ਵੀ |
ਕਿ ਜੁਗਤ ਤੋਂ ਨਾਬਰ ਹਾਂ
ਜੋ ਸੁਚ ਨੂੰ ਦੇਣਾ ਚਾਹੇ
ਸਾਂਝ ਦੀ ਪਾਨ |
ਕਿ ਸਿਖਣ ਤੋਂ ਡਰਦਾ ਹਾਂ
ਰੱਸੇ ਤੇ ਚਲਦੇ
ਮਦਾਰੀ ਬੱਚੇ ਜਿਹਾ ਸੰਤੁਲਨ |
ਜਨਮ ਤੇ ਜਨਮ ਦਿਨ ਵਿਚ
ਹੋ ਰਿਹਾ ਇੱਕ ਲੰਬਾ ਪਾੜਾ
ਆਖਦਾ ਹੈ ਚਿਲਾ ਚਿਲਾ
ਨਹੀਂ ਹਾਲੇ ਮੁਬਾਰਕ ਨਹੀਂ |

                      -ਇਕਬਾਲ ਗਿੱਲ
-- 
ਇਸ ਨਜ਼ਮ ਤੋਂ ਬਾਅਦ ਇੱਕ ਹੋਰ ਸੁਨੇਹਾ ਸੀ..ਉਸ ਵਿਚਲੀ    ਹਕੀਕਤ  ਨੂੰ ਵੀ ਸਭ ਨਾਲ ਸਾਂਝੀਆਂ ਕਰਨਾ ਜ਼ਰੂਰੀ ਲੱਗਦਾ ਹੈ... ਲਿਖਿਆ ਸੀ," ਦੁਆ ਵਿਚ ਡੁੱਬੇ ਆਪਣੇ ਪਿਆਰਿਆਂ ਨੂੰ ਦੇਖਦੇ, ਲਗਦਾ ਹੈ ਜੋ ਕਰ ਰਹੇ ਹਾਂ ਕਾਫੀ ਨਹੀਂ, ਇੱਕ ਖਲਾ ਜਿਹਾ ਪੈਦਾ ਹੋ ਰਿਹਾ ਹੈ ਜਿਸਦੀ ਪੂਰਤੀ ਕਿਤੇ ਭਵਿਖ ਵਿਚ ਲਟਕਦੀ ਹੈ, ਅਜਿਹੀਆਂ ਪ੍ਰਸਿਥੀਤੀਆਂ ਵਿਚ ਕਿੰਨਾਂ ਭਰਿਆ ਭਰਿਆ ਦਿਨ ਹੋ ਜਾਂਦਾ ਹੈ ਕਿੰਨਾ ਸੁਨਾ ਸੁਨਾ | ਸ਼ਾਇਦ ਇਹ ਨਾਕਾਰ ਹੀ ਹੋਵੇ ਪਰ ਜੋ ਹੈ ਸੋ ਹੈ ਉਸਤੋਂ ਮੁਨਕਰ ਹੋਣਾ ਵੀ ਤਾਂ ਧੋਖਾ ਹੈ.
ਇਸ ਨਜ਼ਮ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.-----ਰੈਕਟਰ ਕਥੂਰੀਆ 

No comments: