Sunday, February 20, 2011

ਹੋਰ ਕਿੰਨੇ ਕੁ ਹੋ ਸਕਦੇ ਹਨ ਸਿੱਖ ਕਤਲਾਮ ਦੇ ਲੁੱਕੇ ਹੋਏ ਮਾਮਲੇ ?


ਦੇਸ਼ ਦੀ ਜਮਹੂਰੀਅਤ ਦੇ ਨਾਮ ਤੇ ਕਲੰਕ ਲਗਾਉਣ ਵਾਲੀਆਂ ਨਵੰਬਰ-84 ਦੀਆਂ ਅਣਮਨੁੱਖੀ ਘਟਨਾਵਾਂ ਇੱਕ ਵਾਰ ਫਿਰ ਚਰਚਾ ਵਿੱਚ ਹਨ. ਹੁਣ ਛੱਬੀਆਂ ਸਾਲਾਂ ਬਾਅਦ ਕਿਤੇ ਜਾ ਕੇ ਪਤਾ ਲੱਗਿਆ ਹੈ ਕਿ ਇਸ ਕਤਲਾਮ ਦੀ ਅੱਗ ਹਰਿਆਣਾ ਦੇ ਪਿੰਡ ਚਿੱਲੜ ਵਿੱਚ ਵੀ ਪਹੁੰਚੀ ਸੀ. ਰਿਵਾੜੀ ਵਿੱਚ ਪੈਂਦੇ ਇਸ ਪਿੰਡ ਵਿੱਚ ਕੀ ਕੀ ਵਾਪਰਿਆ ਇਸਦਾ ਵੇਰਵਾ ਅਖਬਾਰਾਂ ਦੇ ਨਾਲ ਟੀਵੀ ਚੈਨਲਾਂ ਤੇ ਵੀ ਆ ਚੁੱਕਿਆ ਹੈ. ਇੱਕ ਬਹੁਤ ਸੰਤੁਲਿਤ ਨੀਤੀ ਅਧੀਨ ਚੱਲਣ ਵਾਲੇ ਅਖਬਾਰੀ ਅਦਾਰੇ ਟ੍ਰਿਬਿਊਨ ਟਰਸਟ ਦੇ ਅਖਬਾਰ ਪੰਜਾਬੀ ਟ੍ਰਿਬਿਊਨ ਨੇ ਇਸ ਵਹਿਸ਼ਤ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਵੀ ਭਾਲਿਆ ਅਤੇ ਉਹਨਾਂ ਦੀ ਜ਼ੁਬਾਨੀ ਸੁਣੀ ਜਾਣਕਾਰੀ ਨੂੰ ਵੀ ਵਿਸ਼ੇਸ਼ ਅਹਿਮੀਅਤ ਨਾਲ ਛਾਪਿਆ. 
ਜਗ ਬਾਣੀ 'ਚ ਪ੍ਰਕਾਸ਼ਿਤ ਖਬਰ 

ਚੰਡੀਗੜ੍ਹ 

ਡੇਟ ਲਾਈਨ ਨਾਲ 19 ਫਰਵਰੀ ਨੂੰ ਛਾਪੀ ਗਈ ਇਸ ਨਿਊਜ਼ ਸਟੋਰੀ ਦਾ ਸਿਰਲੇਖ ਹੈ ਵਹਿਸ਼ਤ ਦੇ ਸ਼ਿਕਾਰਾਂ ਨੇ ਸੁਣਾਈ ਦਹਿਸ਼ਤ ਦੀ ਦਾਸਤਾਂ. ਇਸ  ਵਿੱਚ ਟ੍ਰਿਬਿਊਨ ਨਿਊਜ਼ ਸਰਵਿਸ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿਵੇਂ ਉਸ ਵੇਲੇ ਸਿਰਫ ਦਹਿਸ਼ਤ  ਹੀ ਦਹਿਸ਼ਤ ਸੀ ਜਿਸ ਏ ਸਾਹਮਣੇ ਸਰਕਾਰੀ ਮਸ਼ੀਨਰੀ ਨਾਮ ਮਾਤਰ ਵੀ ਖੜੀ ਨਜ਼ਰ ਨਹੀਂ ਸੀ ਆਉਂਦੀ. ਲਓ ਪੜ੍ਹੋ ਇਹ ਵੇਰਵਾ...... ਹੋਂਦ ਚਿੱਲੜ ਪਿੰਡ ਦੇ ਕਤਲੇਆਮ ਦੇ ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਦੋ ਨਵੰਬਰ 1984 ਦਾ ਦਿਨ ਬਹੁਤ ਹੀ ਭਿਆਨਕ ਸੀ। ਇਸ ਦਿਨ ਵੱਡੀ ਗਿਣਤੀ ਵਿਚ ਗੁੰਡਿਆਂ ਨੇ ਪਿੰਡ ’ਤੇ ਹਮਲਾ ਕਰਕੇ 35 ਵਿਅਕਤੀਆਂ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੂੰ ਮਾਰ ਦਿੱਤਾ। ਕੁਝ ਪਿੰਡ ਵਾਸੀ ਬੜੀ ਮੁਸ਼ਕਲ ਜਾਨਾਂ ਬਚਾ ਕੇ ਰਿਵਾੜੀ ਪਹੁੰਚੇ ਸਨ। ਕਤਲੇਆਮ ਦੀ ਗਵਾਹ ਹਰਭਜਨ ਸਿੰਘ ਤੇ ਹਰਜੀਤ ਸਿੰਘ ਦੀ ਮਾਤਾ ਸਮਿੱਤਰਾ ਦੇਵੀ ਅਤੇ ਇਸੇ ਪਿੰਡ ਦੇ ਵਾਸੀ ਪ੍ਰੇਮ ਸਿੰਘ ਨੇ ਅੱਜ ਰਾਤੀਂ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਆਪਣੇ ਪੁੱਤਰਾਂ ਸਮੇਤ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਰਾਤ ਨੂੰ ਨੇੜਲੇ ਪਿੰਡ ਧਨੌਰਾ ਪਹੁੰਚੇ। ਉਸ ਪਿੰਡ ਦੇ ਰਿਸਾਲ ਸਿੰਘ ਨੇ ਆਪਣੇ ਟਰੈਕਟਰ-ਟਰਾਲੀ ਵਿਚ ਉਨ੍ਹਾਂ ਨੂੰ ਰਿਵਾੜੀ ਪਹੁੰਚਾਇਆ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਦਿਨੇ ਗਿਆਰਾਂ ਵਜੇ ਹਮਲਾ ਕੀਤਾ ਸੀ ਤੇ ਇਸ ਹਮਲੇ ਵਿਚ  ਚਾਰ ਪਰਿਵਾਰਾਂ ਦੇ 34 ਮੈਂਬਰ ਤੇ ਇਕ ਫੌਜੀ ਸਣੇ 35 ਵਿਅਕਤੀ ਮਾਰੇ ਗਏ ਸਨ। ਮਰਨ ਵਾਲਿਆਂ ਵਿਚ ਸਮਿੱਤਰਾ ਦਾ ਪਤੀ ਬਲਵੰਤ ਸਿੰਘ ਵੀ ਸ਼ਾਮਲ ਸੀ। ਉਸ ਸਮੇਂ ਹਰ ਪਾਸੇ ਡਰ ਦਾ ਮਾਹੌਲ ਸੀ ਤੇ ਕਿਸੇ ਪਾਸੇ ਤੋਂ ਸੁਰੱਖਿਆ ਨਹੀਂ ਸੀ ਮਿਲ ਰਹੀ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡ ਦੀ ਕਾਫੀ ਭੀੜ ਉਥੇ ਖੜ੍ਹੀ ਸੀ, ਪਰ ਮਿੰਨਤਾਂ ਕਰਨ ਦੇ ਬਾਵਜੂਦ ਕਿਸੇ ਨੇ ਸਾਥ ਨਹੀਂ ਦਿੱਤਾ। ਪਿੰਡ ਵਿਚ ਮੱਕੜ ਗੋਤ ਦੇ ਪਾਕਿਸਤਾਨ ਤੋਂ ਆਏ 92 ਦੇ ਕਰੀਬ ਮੈਂਬਰ ਰਹਿੰਦੇ ਸਨ। ਕਾਂਡ ਵਾਲੇ ਦਿਨ 70 ਦੇ ਕਰੀਬ ਮੈਂਬਰ ਪਿੰਡ ਸਨ ਤੇ ਬਾਕੀ ਕੰਮਾਂ-ਕਾਰਾਂ ਲਈ ਬਾਹਰ ਗਏ ਹੋਏ ਸਨ। ਹਮਲਾਵਰਾਂ ਨੇ ਗੁਰਦਿਆਲ ਸਿੰਘ, ਸਰਦਾਰ ਸਿੰਘ, ਕਰਤਾਰ ਸਿੰਘ ਅਤੇ ਭਗਵਾਨ ਸਿੰਘ ਦੇ ਸਮੁੱਚੇ ਪਰਿਵਾਰ ਨੂੰ ਸਾੜ ਕੇ ਮਾਰ ਦਿੱਤਾ। ਤਖਤ ਸਿੰਘ ਇਕੱਲਾ ਰਹਿੰਦਾ ਸੀ ਪਰ ਉਹ ਵੀ ਮਾਰਿਆ ਗਿਆ। ਇਸੇ ਤਰ੍ਹਾਂ ਹਰਨਾਮ ਸਿੰਘ ਦੀ ਪਤਨੀ ਅੰਮ੍ਰਿਤ ਕੌਰ ਵੀ ਮਾਰੀ ਗਈ ਪਰ ਉਸ ਦਾ ਪਤੀ ਉਸ ਦਿਨ ਪਿੰਡ ਵਿਚ ਨਹੀਂ ਸੀ ਤੇ ਇਸ ਕਰਕੇ ਉਹ ਬਚ ਗਿਆ। ਹਰਭਜਨ ਸਿੰਘ ਨੇ ਦੱਸਿਆ ਕਿ ਚਾਰ ਪਰਿਵਾਰਾਂ ਦੇ ਲਗਪਗ 35 ਮੈਂਬਰ, ਜੋ ਬਚ ਕੇ ਆ ਗਏ ਸਨ, ਰਿਵਾੜੀ, ਬਠਿੰਡਾ ਅਤੇ ਲੁਧਿਆਣਾ ਵਿਚ ਰਹਿੰਦੇ ਹਨ। ਉਸ ਨੇ ਦੱਸਿਆ ਕਿ ਜਿਸ ਰਾਤ ਉਨ੍ਹਾਂ ਨੂੰ ਪਿੰਡ ਛੱਡਣਾ ਪਿਆ, ਉਸ ਦੀ ਉਮਰ 22 ਸਾਲ ਸੀ ਤੇ ਉਸ ਦੇ ਭਰਾ ਹਰਜੀਤ ਸਿੰਘ ਦੀ ਉਮਰ ਤਿੰਨ ਸਾਲ ਸੀ। ਉਸ ਦੀ ਮਾਤਾ ਨੇ ਦੱਸਿਆ ਕਿ ਡਰ ਕਾਰਨ ਹੀ ਉਹ ਰਿਵਾੜੀ ਤੋਂ ਆਪਣੇ ਪੁੱਤਰਾਂ ਸਮੇਤ ਬਠਿੰਡੇ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਵਿਚ ਰਹਿਣ ਲੱਗ ਪਈ। ਦੋ ਤਿਨ ਸਾਲ ਇਸ ਮੰਡੀ ਵਿਚ ਗੁਜ਼ਾਰੇ ਤੇ ਉਸ ਤੋਂ ਬਾਅਦ ਲੁਧਿਆਣਾ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ  ਕਿਹਾ ਕਿ ਉਹ ਆਪਦੇ ਪਿੰਡ ਮੁੜ ਕੇ ਕਦੇ ਨਹੀਂ ਗਏ ਕਿਉਂਕਿ ਪਿੰਡ ਵਿਚ ਉਨ੍ਹਾਂ ਦਾ ਕੋਈ ਸਕਾ ਸਬੰਧੀ ਨਹੀਂ ਸੀ ਬਚਿਆ।
ਪਿੰਡ ਹੋਂਦ ਦੇ ਸਾਬਕਾ ਵਸਨੀਕ ਟ੍ਰਿਬਿਊਨ ਅਖਬਾਰ ਸਮੂਹ ਦੇ ਦਫਤਰ ਵਿਚ
ਆਪਣੀ ਦਾਸਤਾਂ ਸੁਣਾਉਂਦੇ ਹੋਏ (ਫੋਟੋ: ਪੰਜਾਬੀ ਟ੍ਰਿਬਿਊਨ)
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਲੋਕਾਂ ਨੂੰ ਘਰਾਂ ਸਮੇਤ ਸਾੜ ਦਿੱਤਾ। ਇਸ ਤੋਂ ਬਾਅਦ ਪਿੰਡ ਦੇ ਗੁਰਦੁਆਰੇ ਨੂੰ ਵੀ ਅੱਗ ਲਾ ਦਿੱਤੀ। ਹਮਲਾਵਰਾਂ ਨੇ ਘਰਾਂ ਦੀਆਂ ਛੱਤਾਂ ਪਾੜ ਕੇ ਅਤੇ  ਤੇਲ ਛਿੜਕ ਕੇ ਅੱਗਾਂ ਲਾਈਆਂ ਸਨ। ਤੇਲ ਵੀ ਉਨ੍ਹਾਂ ਦੇ ਡਰੰਮਾਂ ਵਿਚੋਂ ਕੱਢਿਆ ਸੀ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਕਤਲੇਆਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤਾਂ ਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਕਮੇਟੀ ਇਸ ਪਿੰਡ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਉਨ੍ਹਾਂ ਨਾਲ ਸਿੱਧਾ ਰਾਬਤਾ ਕਰ ਸਕਦੇ ਹਨ। ਹਰਿਆਣਾ ਦੇ ਜ਼ਿਲ੍ਹਾ ਰਿਵਾੜੀ ਦੇ ਪਿੰਡ ਹੋਂਦ ਚਿੱਲੜ  ਵਿਚ ਸਿੱਖਾਂ ਦੇ ਵਿਆਪਕ ਕਤਲੇਆਮ ਦਾ ਪਤਾ ਲੱਗਣ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਸਿੱਖਜ਼ ਫਾਰ ਜਸਟਿਸ ਨੇ ਪਿੰਡ ਹੋਂਦ ਚਿੱਲੜ ਨੂੰ ਸਿੱਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ 6 ਮਾਰਚ ਨੂੰ ਪਿੰਡ ਹੋਂਦ ਚਿੱਲੜ ਵਿੱਚ ਪਹੁੰਚਣ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਭਾਰਤ ਨੇ ਸਿੱਖ ਨਸਲਕੁਸ਼ੀ ਨੂੰ ਵੱਖ-ਵੱਖ ਨਾਂਅ ਦੇ ਕੇ ਜਾਂ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਭਾਵੇਂ ਕਿ ਇਸ ਬਾਰੇ ਕਾਫੀ ਸਬੂਤ ਮੌਜੂਦ ਸਨ, ਪਰ ਇਸ ਸਭ ਨੂੰ ਆਮ ਜਨਤਾ ਤੋਂ ਦੂਰ ਰੱਖਿਆ ਗਿਆ। ਇਸ ਪੂਰੀ ਸਟੋਰੀ ਨੂੰ ਤੁਸੀਂ ਏਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋਜਾਂਚ ਤੋਂ ਬਾਅਦ ਸਾਹਮਣੇ ਆਈ ਇਸ ਰਿਪੋਰਟ ਦਾ  ਕੀ ਨਤੀਜਾ ਨਿਕਲਦਾ ਹੋ ਇਸ ਬਾਰੇ ਤਾਂ ਕੋਈ ਬਹੁਤੀ ਆਸ ਨਜ਼ਰ ਨਹੀਂ ਆਉਂਦੀ ਪਰ ਇਸ ਨਾਲ ਇਹ ਸੁਆਲ ਜ਼ਰੂਰ ਖੜਾ ਹੋ ਗਿਆ ਹੈ ਕਿ ਅਜਿਹੇ ਕਿੰਨੇ ਕੀ ਮਾਮਲੇ ਹੋਰ ਹੋ ਸਕਦੇ ਹਨ ਜਿਹੜੇ ਉਸ ਵੇਲੇ ਦਹਿਸ਼ਤ ਕਾਰਣ ਦੱਬੇ ਗਏ ਅਤੇ ਮਗਰੋਂ ਵਕ਼ਤ ਦੀ ਧੂੜ ਹੇਠ ਆ ਗਏ ? ਇਸ ਸੁਆਲ ਦਾ ਜੁਆਬ ਸਿਰਫ  ਸਿੱਖ ਕੌਮ ਜਾਂ ਸਰਕਾਰਾਂ ਦੀ ਹੀ ਡਿਊਟੀ ਨਹੀਂ.  ਇਸਦਾ ਪਤਾ ਲਾਉਣਾ  ਸਾਰੇ ਸਿਹਤਮੰਦ ਸਮਾਜ ਦਾ ਫਰਜ਼ ਹੈ. ਹੁਣ ਦੇਖਣਾ ਹੈ ਕਿ ਇਸ ਬਾਰੇ ਕਿਸ ਕਿਸ ਪਾਸਿਓਂ ਕਿਹੜੇ ਕਿਹੜੇ ਕਦਮ ਚੁੱਕੇ ਜਾਂਦੇ ਹਨ ?     --ਰੈਕਟਰ ਕਥੂਰੀਆ  

No comments: