Friday, February 18, 2011

ਮੌਲਿਕ ਨਾਨਕਸ਼ਾਹੀ ਕੈਲੰਡਰ ਗੁਰਬਾਣੀ ‘ਤੇ ਆਧਾਰਤ ਹੈ : ਪਾਲ ਸਿੰਘ ਪੁਰੇਵਾਲ


ਕੈਨੇਡਾ ਰਹਿੰਦੇ ਗ਼ੈਰ ਵਸਨੀਕ ਭਾਰਤੀ ਸਿੱਖ ਵਿਦਵਾਨ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਕੋਈ ਦੋ ਦਹਾਕਿਆਂ ਤੋਂ ਵੱਧ ਸਮੇਂ ਦੀ ਖੋਜ ਤੋਂ ਬਾਅਦ ਸਿੱਖ ਕੌਮ ਦਾ ਆਪਣਾ ਕੈਲੰਡਰ ‘ਨਾਨਕਸ਼ਾਹੀ ਕੈਲੰਡਰ‘ ਤਿਆਰ ਕੀਤਾ ਸੀ ਜਿਸ ਦੀ ਬੁਨਿਆਦ ਬਾਰਾਹ ਮਾਹ ਤੁਖਾਰੀ ਅਤੇ ਬਾਰਾਹ ਮਾਹ ਮਾਝ ਤੋਂ ਇਲਾਵਾ ਰੁਤਿ ਸ਼ਲੋਕ ਸੀ। ਇਹ ਕੈਲੰਡਰ ਸਾਲ 2003 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੀਆਂ ਸਿੱਖ ਸੰਸਥਾਵਾਂ ਨੇ ਲਾਗੂ ਕਰ ਦਿੱਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਾਲ, ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਹੇਠ ਲਾਗੂ ਹੋਏ ਇਸ ਕੈਲੰਡਰ ਨੂੰ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਨਾਲ ਸਬੰਧਤ ਤਿੱਥ ਤਿਓਹਾਰ ਅਤੇ ਹੋਰ ਪੁਰਬਾਂ ਦੇ ਸਬੰਧ ਵਿਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਵੀ ਮੰਨ ਲਿਆ ਸੀ ਅਤੇ ਇਨ੍ਹਾਂ ਸਰਕਾਰਾਂ ਨੇ ਆਪਣੇ ਸਾਲਾਨਾ ਕੈਲੰਡਰ ਵਿਚ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ, ਸ਼ਹੀਦੀ ਪੁਰਬ ਅਤੇ ਸਿੱਖ ਧਰਮ ਨਾਲ ਸਬੰਧਤ ਹੋਰ ਤਾਰੀਕਾਂ ਨਿਸ਼ਚਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਸਿੱਖਾਂ ਦਾ ਆਪਣਾ ਨਿੱਜੀ, ਧਾਰਮਿਕ ਅਤੇ ਸਰਬ ਪ੍ਰਵਾਨਤ ਕੈਲੰਡਰ ਬਣ ਚੁੱਕਾ ਸੀ ਜੋ ਸਿੱਖ ਕੌਮ ਦੇ 95 ਫੀਸਦੀ ਨੇੜੇ ਸੀ। ਅਸੀਂ ਸਮਝਦੇ ਹਾਂ, ਕਿ ਕੁਝ ਤਾਕਤਾਂ ਸਿੱਖ ਸੰਸਥਾਵਾਂ ਅਤੇ ਧਰਮ ਨੂੰ ਢਾਅ ਲਾਉਣ ‘ਤੇ ਤੁਲੀਆਂ ਹੋਈਆਂ ਹਨ ਅਤੇ ਅਜਿਹੀਆਂ ਤਾਕਤਾਂ ਦੇ ਪ੍ਰਭਾਵ ਹੇਠ ਆ ਕੇ ਹੁਣ ਇੰਨੇ ਸਾਲਾਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਨਾਨਕਸ਼ਾਹੀ ਕੈਲੰਡਰ ਉਪਰ ਨਜ਼ਰਸਾਨੀ ਕਰਨ ਦਾ ਵਿਚਾਰ ਸ਼ੁਰੂ ਕਰ ਲਿਆ ਹੈ।
ਹਿੰਦੁਸਤਾਨ ਟਾਈਮਜ਼ ਚੋਂ ਧੰਨਵਾਦ ਸਹਿਤ
ਪਹਿਲਾਂ ਇਸ ਕੈਲੰਡਰ ਨੂੰ ਸਿੱਖ ਧਰਮ ਅਤੇ ਅਕੀਦੇ ਮੁਤਾਬਕ ਬਿਲਕੁਲ ਸਹੀ ਕੈਲੰਡਰ ਮੰਨਿਆ ਗਿਆ ਸੀ। ਪਰ ਬਿਕ੍ਰਮੀ ਸੰਮਤ ਦੇ ਕੁਝ ਪ੍ਰੇਮੀਆਂ ਅਤੇ ਰੂੜੀਵਾਦੀ ਸਾਧਾਂ ਦੇ ਪ੍ਰਭਾਵ ਹੇਠ ਆ ਕੇ ਇਸ ਕੈਲੰਡਰ ਦੀ ਮੌਲਿਕਤਾ ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਨਾਲ ਛੇੜਛਾੜ ਸ਼ੁਰੂ ਕੀਤੀ ਗਈ ਹੈ। ਜਿੱਥੋਂ ਤੱਕ ਨਾਨਕਸ਼ਾਹੀ ਲਫ਼ਜ ਦਾ ਸਬੰਧ ਹੈ, ਇਹ ਦੱਖਣੀ ਏਸ਼ੀਆਈ ਖ਼ਿੱਤੇ ਵਿਚ ਰਹਿੰਦੇ ਸਿੱਖ ਹੀ ਨਹੀਂ ਸਗੋਂ ਸਾਰੇ ਲੋਕ ਇਸ ਸ਼ਬਦ ਦਾ ਸੰਕਲਪ ਜਾਣਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ‘ਨਾਨਕਸ਼ਾਹੀ ਸਿੱਕਾ’ ਜਾਰੀ ਕੀਤਾ ਸੀ? ਕੀ ਤੁਸੀ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਿਜ਼ਾਮ ਦੌਰਾਨ ਸ਼ਾਹੀ ਟਕਸਾਲ ਵਿਚ ‘ਨਾਨਕਸ਼ਾਹੀ ਮੋਹਰਾਂ’ ਘੜੀਆਂ ਜਾਂਦੀਆਂ ਸਨ। ਕੀ ਤੁਸੀਂ ਜਾਣਦੇ ਹੋ ਕਿ ਕੁਝ ਪੁਰਾਣੀਆਂ ਇਮਾਰਤਾਂ ਵਿਚ ਲੱਗੀਆਂ ਛੋਟੀਆਂ ਇੱਟਾਂ ਨੂੰ ‘ਨਾਨਕਸ਼ਾਹੀ ਇੱਟਾਂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ? ਕੀ ਤੁਸੀਂ ਜਾਣਦੇ ਹੋ ਕਿ ਇਤਿਹਾਸਕਾਰ ਡਾ. ਗੰਡਾ ਸਿੰਘ ਨੇ ‘ਮੁਖਤਸਾਰ ਨਾਨਕਸ਼ਾਹੀ ਜੰਤਰੀ (ਉਰਦੂ)‘ ਦੀ ਸੰਪਾਦਨਾ ਕੀਤੀ ਸੀ ਜੋ 1949 (ਕਾਮਨ ਇਰਾ) ਵਿਚ ਸਿੱਖ ਹਿਸਟਰੀ ਸੁਸਾਇਟੀ ਨੇ ਪ੍ਰਕਾਸ਼ਤ ਕੀਤੀ ਸੀ। ਕੀ ਤੁਸੀਂ ਜਾਣਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਨੇ ਨਾਨਕਸ਼ਾਹੀ ਸੰਮਤ ਮੁਤਾਬਕ ਤਰੀਕਾਂ ਦੀ ਵਰਤੋਂ ਆਪਣੇ ਹੁਕਮਨਾਮਿਆਂ ਅਤੇ ਹੋਰ ਚਿੱਠੀ ਪੱਤਰ ਉਪਰ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੀਆਂ ਸਿੱਖ ਵੈਬਸਾਈਟਸ ਉਪਰ ਕਾਮਨ ਯੁਗ ਕੈਲੰਡਰ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਵੀ ਦਿੱਤੀਆਂ ਹੁੰਦੀਆਂ ਹਨ?
ਹੁਣ ਸਾਰੀ ਸਿੱਖ ਕੌਮ ਲਈ ਢੁਕਵਾਂ ਮੌਕਾ ਹੈ ਕਿ ਮੌਲਿਕ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਸਟੈਂਡ ਲਿਆ ਜਾਵੇ ਅਤੇ ਇਸ ਨਾਲ ਜੁਟਤਾ ਪ੍ਰਗਟ ਕੀਤੀ ਜਾਵੇ ਜੋ ਸਿੱਖਾਂ ਦੀ ਵੱਖਰੀ ਹਸਤੀ ਦਾ ਪ੍ਰਤੀਕ ਹੈ।
ਪੇਸ਼ ਹਨ -ਪਾਲ ਸਿੰਘ ਪੁਰੇਵਾਲ ਨਾਲ ਇਸ ਨਾਨਕਸ਼ਾਹੀ ਕੈਲੰਡਰ ਸਬੰਧੀ ਹੋਈ ਗੱਲਬਾਤ ਦੇ ਕੁਝ ਅੰਸ਼ :
ਜਗ ਬਾਣੀ 'ਚ ਪ੍ਰਕਾਸ਼ਿਤ ਖਬਰ  
ਸੁਆਲ : ਨਾਨਕਸ਼ਾਹੀ ਕੈਲੰਡਰ ਨਾਲ ਗੁਰਬਾਣੀ ਦਾ ਕੀ ਸਬੰਧ ਹੈ?
ਜੁਆਬ : ਜਦੋਂ ਗੁਰੂ ਸਾਹਿਬਾਨ ਨੇ ਬਾਰਾਹ ਮਾਹ ਅਤੇ ਰੁਤਿ ਸ਼ਲੋਕ ਦੀ ਰਚਨਾ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਜਿਨ੍ਹਾਂ ਮਹੀਨਿਆਂ ਵਿਚ ਜੋ ਰੁੱਤਾਂ ਸਨ, ਉਨ੍ਹਾਂ ਦਾ ਹੀ ਜ਼ਿਕਰ ਕੀਤਾ। ਜਿਵੇਂ ਗੁਰੂ ਸਾਹਿਬਾਨ ਨੇ ਉਨ੍ਹੀਂ ਦਿਨੀਂ ਪੰਜਾਬ ਵਿਚ ਪ੍ਰਚੱਲਤ ਸ਼ਬਦਾਵਲੀ ਤੇ ਯੂਨਿਟਾਂ ਦਾ ਵਰਨਣ ਕੀਤਾ, ਜਿਵੇਂ ਰੱਤੀ, ਤੋਲਾ, ਮਾਸਾ, ਸੇਰ, ਮਣ ਵਗੈਰਾ। ਉਨ੍ਹਾਂ ਨੇ ਕਿਸੇ ਹੋਰ ਮੁਲਕ ਵਿਚ ਪ੍ਰਚੱਲਤ ਯੂਨਿਟਾਂ ਨੂੰ ਨਹੀਂ ਵਰਤਿਆ। ਭਾਵੇਂ ਗੁਰੂ ਸਾਹਿਬਾਨ ਦੀ ਬਾਣੀ ਦਾ ਸਰੋਕਾਰ ਸਰਬ ਵਿਆਪੀ ਸੀ ਪਰ ਉਨ੍ਹਾਂ ਨੇ ਜਿਹੜੀ ਰਹਿਤਲ ਵਿਚ ਉਹ ਵਿਚਰ ਰਹੇ ਸਨ, ਉਥੋਂ ਦੀਆਂ ਇਕਾਈਆਂ ਦਾ ਵਰਨਣ ਕੀਤਾ, ਉਨ੍ਹਾਂ ਨੇ ਬਰਤਾਨਵੀ ਇਕਾਈਆਂ ਔਂਸ, ਪੌਂਡ, ਸਟੋਨ ਇਥੋਂ ਤੱਕ ਕਿ ਆਧੁਨਿਕ ਕੌਮਾਂਤਰੀ ਇਕਾਈ ਗਰਾਮ ਦਾ ਜ਼ਿਕਰ ਵੀ ਨਹੀਂ ਕੀਤਾ।ਬਾਰਾਹ ਮਾਹ ਦਾ ਸੰਦੇਸ਼ ਸਰਬ ਵਿਆਪਕ ਹੈ, ਪਰ ਇਸ ਦਾ ਸੰਸਾਰੀ ਸਬੰਧ ਇਕ ਖ਼ਾਸ ਖੇਤਰ ਨਾਲ ਹੈ। ਮਿਸਾਲ ਦੇ ਤੌਰ ‘ਤੇ ਬਾਰਾਹ ਤੁਖਾਰੀ ਵਿਚ ਹਾੜ੍ਹ ਮਹੀਨੇ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ ;
ਰਥ ਫਿਰੈ ਛਾਇਆ ਧਨ ਤਾਕੈ ਟੀਡ ਲਵੈ ਮੰਝਿ ਬਾਰੈ।।   ਪੰਨਾ 1108
ਇਹ ਉਸ ਤਰੀਕ ਦਾ ਜ਼ਿਕਰ ਕਰਦਾ ਹੈ ਜਿਸ ਦਿਨ ਸਾਲ ਦਾ ਸਭ ਤੋਂ ਲੰਮਾ ਦਿਨ ਹੈ ਅਤੇ ਸਭ ਤੋਂ ਗਰਮ ਦਿਨ ਹੈ, ਜਦੋਂ ਉਤਰ ਵਿਚ ਸੂਰਜ ਲੰਮਾ ਸਮਾਂ ਰਹਿੰਦਾ ਹੈ ਅਤੇ ਉਤਰ ਤੋਂ ਦੱਖਣ ਵੱਲ ਆਪਣੀ ਦਿਸ਼ਾ ਬਦਲਦਾ ਹੈ। (ਵੇਖੋ ਫਰੀਦਕੋਟੀ ਟੀਕਾ, ਭਾਈ ਕਾਹਨ ਸਿੰਘ ਨਾਭਾ-ਮਹਾਨ ਕੋਸ਼ ਜਾਂ ਸੰਤ ਕਿਰਪਾਲ ਸਿੰਘ ਦਾ ਸੰਪਰਦਾਇ ਟੀਕਾ)। ਸਿੱਧਾਂਤਕ ਜੋਤਸ਼ੀਆਂ ਦੇ ਸ਼ੁਰੂਆਤੀ ਦੌਰ ਵਿਚ ਅਜਿਹਾ ਵਰਤਾਰਾ ਸਾਵਣ ਦੀ ਸੰਗਰਾਂਦ ਨੂੰ ਹੁੰਦਾ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹ ਵਰਤਾਰਾ 15 ਹਾੜ੍ਹ ਨੂੰ ਹੁੰਦਾ ਸੀ ਅਤੇ 18ਵੀਂ ਸਦੀ ਦੇ ਪਹਿਲੇ ਦਹਾਕੇ ਵਿਚ 13 ਹਾੜ੍ਹ ਨੂੰ । ਹੋਰ 600 ਸਾਲ ਬਾਅਦ ਇਹ ਜੇਠ ਮਹੀਨੇ ਵਿਚ ਚਲਾ ਜਾਵੇਗਾ। ਇਥੇ ਇਸ ਵਿਚ ਕੋਈ ਫਰਕ ਨਹੀਂ ਕਿ ਇਹ ਆਸਟਰੇਲੀਆ ਵਿਚ ਹੈ ਜਾਂ ਭਾਰਤ ਵਿਚ, ਇਹ ਜੇਠ ਵਿਚ ਹੋਵੇਗਾ ਜੋ ਇਸ ਦੇ ਉਲਟ ਹੋਵੇਗਾ, ਜਿਸ ਦਾ ਜ਼ਿਕਰ ਹਾੜ੍ਹ ਮਹੀਨੇ ਵਿਚ ਕੀਤਾ ਗਿਆ ਹੈ। ਬਿਕ੍ਰਮੀ ਕੈਲੰਡਰ ਦੇ ਉਲਟ ਨਾਨਕਸ਼ਾਹੀ ਕੈਲੰਡਰ ਸੂਰਜੀ ਸਾਲ ਦੀ ਲੰਬਾਈ ‘ਤੇ ਆਧਾਰਤ ਹੈ। ਇਸ ਵਿਚ ਅਜਿਹਾ ਵਰਤਾਰਾ ਹਾੜ੍ਹ ਮਹੀਨੇ ਵਿਚ ਹੀ ਹੋਵੇਗਾ। 6500 ਸਾਲਾਂ ਵਿਚ ਹਾੜ੍ਹ ਮਹੀਨਾ ਸਤੰਬਰ ਦੇ ਅੱਧ ਵਿਚ ਚਲਾ ਜਾਵੇਗਾ। ਸਤੰਬਰ ਵਿਚ ਉਤਰੀ ਅਰਧ ਗੋਲੇ ਵਿਚ ਪਤਝੜ ਹੁੰਦੀ ਹੈ ਅਤੇ ਦੱਖਦੀ ਅਰਧ ਗੋਲੇ ਵਿਚ ਬਸੰਤ ਰੁੱਤ ਹੁੰਦੀ ਹੈ। ਨਾਨਕਸ਼ਾਹੀ ਕੈਲੰਡਰ ਵਿਚ ਮਹੀਨਿਆਂ ਦੇ ਨਾਂ ਉਸੇ ਤਰ੍ਹਾਂ ਦੇ ਦਿੱਤੇ ਗਏ ਹਨ, ਜਿਵੇਂ ਬਾਰਾਹ ਮਾਹ ਵਿਚ ਜ਼ਿਕਰ ਕੀਤਾ ਗਿਆ ਹੈ। ਸਿਰਫ਼ ਕੁਝ ਇਕ ਪ੍ਰਚੱਲਤ ਤਰੀਕਾਂ ਨੂੰ ਛੱਡ ਕੇ। ਅਸੀਂ ਗੁਰਬਾਣੀ ਪੜ੍ਹਦੇ ਹਾਂ ਅਤੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਗੁਰਬਾਣੀ ਪੜਨ ਅਤੇ ਇਸ ਨੂੰ ਸਮਝਣ। ਜਦੋਂ ਅਸੀਂ ਗੁਰਬਾਣੀ ‘ਚ ਦਰਜ ਬਾਰਾਹ ਮਾਹ ਦੀ ਵਿਆਖਿਆ ਕਰਾਂਗੇ ਤਾਂ ਕੈਲੰਡਰ ਦਾ ਜ਼ਿਕਰ ਵੀ ਕਰਾਂਗੇ।
ਨਾਨਕਸ਼ਾਹੀ ਕੈਲੰਡਰ ਦੇ ਸ਼ੁਰੂਆਤੀ ਮਹੀਨੇ ਬਾਰੇ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਇਸ ਕੈਲੰਡਰ ਵਿਚ ਅਸੀਂ ਚੇਤ ਨੂੰ 12ਵਾਂ ਮਹੀਨਾ ਨਹੀਂ ਮੰਨ ਸਕਦੇ। ਜਦ ਇਹ ਬਾਰਾਹ ਮਾਹ ਅਤੇ ਬਾਣੀਆਂ ਵਿਚ ਦਰਜ ਰੁਤਿ ਸ਼ਲੋਕ ਵਿਚ ਪਹਿਲਾ ਮਹੀਨਾ ਹੈ।
ਸੁਆਲ :  ਬਿਕ੍ਰਮੀ ਕੈਲੰਡਰ ਨੂੰ ਛੱਡਣਾ ਕਿਉਂ ਜ਼ਰੂਰੀ ਸੀ?
ਜੁਆਬ :ਅਸੀਂ ਬਿਕ੍ਰਮੀ ਕੈਲੰਡਰ ਨੂੰ ਇਨ੍ਹਾਂ ਮੁਢਲੇ ਕਾਰਨਾਂ ਕਰਕੇ ਛੱਡਿਆ।
1. ਬਿਕ੍ਰਮੀ ਕੈਲੰਡਰ ਵਿਚ ਦਰਜ ਮਹੀਨਿਆਂ ਦਾ ਗੁਰਬਾਣੀ ਵਿਚ ਆਈਆਂ ਰੁੱਤਾਂ ਨਾਲ ਸਥਾਈ ਸਬੰਧ ਨਹੀਂ ਹੈ।
2. ਚੰਦਰ ਤਿੱਥ ਪ੍ਰਣਾਲੀ ਬਹੁਤੀ ਵਿਹਾਰਕ ਨਹੀਂ ਹੈ। ਮਹੱਤਵਪੂਰਨ ਦਿਨ ਜਾਂ ਪੁਰਬ ਮਨਾਉਣ ਲਈ ਸਾਨੂੰ ਸੂਰਜੀ ਸਾਲ ਤੇ ਆਧਾਰਤ ਕੈਲੰਡਰ ਵਰਤਣਾ ਚਾਹੀਦਾ ਹੈ। ਬਿਕ੍ਰਮੀ ਕੈਲੰਡਰ ਚੰਦਰ ਸੂਰਜੀ ਸਾਲ ‘ਤੇ ਆਧਾਰਤ ਕੈਲੰਡਰ ਹੈ।
3. ਕੈਲੰਡਰ ਇਕ ਕੌਮ ਦੀ ਪਛਾਣ ਹੁੰਦਾ ਹੈ। ਇਸ ਲਈ ਸਿੱਖ ਕੌਮ ਕੋਲ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ।
ਸੁਆਲ :  ਸਾਰੇ ਗੁਰੂ ਸਾਹਿਬਾਨ ਨੇ ਬਿਕ੍ਰਮੀ ਕੈਲੰਡਰ ਦੀ ਵਰਤੋਂ ਕੀਤੀ ਕਿਉਂਕਿ ਉਸ ਵੇਲੇ ਇਹ ਕੈਲੰਡਰ ਆਮ ਵਰਤੋਂ ਵਿਚ ਆਉਂਦਾ ਸੀ। ਗੁਰੂ ਸਾਹਿਬਾਨ ਨੇ ਸਮੇਂ, ਭਾਰ ਅਤੇ ਮਿਣਤੀ ਲਈ ਵੀ ਹੋਰ ਇਕਾਈਆਂ ਦੀ ਵਰਤੋਂ ਕੀਤੀ ਹੈ ਜੋ ਹੁਣ ਜਾਂ ਤਾਂ ਬਦਲ ਗਈਆਂ ਹਨ ਜਾਂ ਛੱਡ ਦਿੱਤੀਆਂ ਗਈਆਂ ਹਨ। ਤੁਸੀਂ ਹੁਣ ਘੜੀ, ਪਲ, ਰੱਤੀ, ਤੋਲਾ, ਮਾਸਾ, ਸੇਰ, ਮਣ ਅਤੇ ਗਜ਼ ਵਗੈਰਾ ਨਹੀਂ ਵਰਤਦੇ। ਕੀ ਅਸੀਂ ਇਨ੍ਹਾਂ ਇਕਾਈਆਂ ਨਾਲ ਗੁਰਬਾਣੀ ਦੇ ਸਰੋਕਾਰਾਂ ਨੂੰ ਰੱਖਦੇ ਹਾਂ ਜਾਂ ਲੋਕਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਨ੍ਹਾਂ ਨੂੰ ਫਿਰ ਅਪਣਾਇਆ ਜਾਵੇ?
ਜੁਆਬ :ਕੀ ਤੁਸੀਂ ਜਾਣਦੇ ਹੋ ਕਿ ਜਿਹੜਾ ਬਿਕ੍ਰਮੀ ਕੈਲੰਡਰ ਅੱਜ ਪੰਜਾਬ ਵਿਚ ਵਰਤਿਆ ਜਾ ਰਿਹਾ ਹੈ, ਉਹ ਗੁਰੂ ਸਾਹਿਬਾਨ ਦੇ ਸਮੇਂ ਨਹੀਂ ਸੀ? ਜੇ ਤੁਸੀਂ ਸਚਮੁੱਚ ਇਹ ਸਮਝਦੇ ਹੋ ਕਿ ਤੁਹਾਨੀ ਬਿਕ੍ਰਮੀ ਕੈਲੰਡਰ ਦੀਆਂ ਤਰੀਕਾਂ ਦਾ ਗੁਰਬਾਣੀ ਵਿਚ ਜ਼ਿਕਰ ਹੋਣ ਕਰਕੇ ਇਹ ਅਪਣਾਉਣਾ ਚਾਹੀਦਾ ਹੈ ਤਾਂ ਤੁਹਾਨੂੰ ਪੰਜਾਬ ਵਿਚ ਪ੍ਰਕਾਸ਼ਤ ਹੁੰਦੀਆਂ ਸਾਰੀਆਂ ਜੰਤਰੀਆਂ ਨੂੰ ਛੱਡਣਾ ਪਵੇਗਾ, ਸਿਰਫ਼ ਉਨ੍ਹਾਂ ਨੂੰ ਅਪਣਾਉਣਾ ਪਵੇਗਾ ਜੋ ਗੁਰੂ ਸਾਹਿਬਾਨ ਦੇ ਸਮੇਂ ਬਿਕ੍ਰਮੀ ਕੈਲੰਡਰ ਬਣਾਉਣ ਲਈ ਸੂਰਜੀ ਸਿੱਧਾਂਤ ਮੁਤਾਬਕ ਗਿਣੀਆਂ ਜਾਂਦੀਆਂ ਸਨ।
ਪਿਛਲੀਆਂ ਤਰੀਕਾਂ ਬਾਰੇ ਮੈਂ ਇਹ ਜ਼ਿਕਰ ਕਰਨਾ ਵਾਜਬ ਸਮਝਦਾ ਹਾਂ ਕਿ ਦੁਨੀਆ ਭਰ ਵਿਚ ਕੈਲੰਡਰ ਵਿਚ ਤਬਦੀਲੀਆਂ ਹੋਈਆਂ ਹਨ। ਇਹ ਤਬਦੀਲੀਆਂ ਸਮੇਂ ਸਮੇਂ ਲਾਗੂ ਹੁੰਦੀਆਂ ਹਨ। ਮੈਂ ਇਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਬਿਕ੍ਰਮੀ ਕੈਲੰਡਰ ਗੁਰੂ ਸਾਹਿਬਾਨ ਨੇ ਨਹੀਂ ਸੀ ਬਣਾਇਆ, ਇਹ ਉਨ੍ਹਾਂ ਤੋਂ ਪਹਿਲਾਂ ਪ੍ਰਚੱਲਤ ਸੀ।
ਜਗ ਬਾਣੀ ਚੋਂ ਧੰਨਵਾਦ ਸਹਿਤ
ਸੁਆਲ :  ਕੀ ਗੁਰੂ ਗ੍ਰੰਥ ਸਾਹਿਬ ਵਿਚ ਰਾਸ਼ੀ ਅਤੇ ਸੰਕ੍ਰਾਂਤੀ ਦਾ ਜ਼ਿਕਰ ਹੈ?
ਜੁਆਬ : ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਰਾਸ਼ੀ ਦਾ ਜ਼ਿਕਰ ਨਹੀਂ ਹੈ। ਹਿੰਦੂ ਮਤ ਸੰਕ੍ਰਾਂਤੀ ਦੀ ਪਰਿਭਾਸ਼ਾ ਦਿੰਦਾ ਹੈ ਕਿ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ, ਉਹ ਸੰਕ੍ਰਾਂਤੀ ਹੈ। ਜਦੋਂ ਪਹਿਲੀ ਵਾਰ 1998 (ਕਾਮਨ ਇਰਾ) ਵਿਚ ਨਾਨਕਸ਼ਾਹੀ ਕੈਲੰਡਰ ਪ੍ਰਕਾਸ਼ਤ ਹੋਇਆ ਸੀ, ਉਸ ਵਕਤ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਪਹਿਲੇ ਮਹੀਨੇ ਦੀ ਮਾਹ ਆਰੰਭਤਾ ਨੂੰ ਪਹਿਲਾ ਦਿਨ ਕਿਹਾ ਸੀ।
ਅਸੀਂ ਸੂਰਜ ਦੇ ਪੁਜਾਰੀ ਨਹੀਂ, ਅਸੀਂ ਅਕਾਲ ਪੁਰਖ਼ ਦੇ ਉਪਾਸ਼ਕ ਹਾਂ। ਸਾਰੇ ਗੁਰਦੁਆਰਾ ਸਾਹਿਬਾਨ ‘ਚ ਅਰਦਾਸ ਕਰਨ ਸਮੇਂ ਅਸੀਂ ਅਕਾਲ ਪੁਰਖ ਅੱਗੇ ਹੀ ਨਤਮਸਤਕ ਹੁੰਦੇ ਹਾਂ। ਤੁਸੀਂ ਗੁਰਦੁਆਰੇ ਵਿਚ ਸੰਗਰਾਂਦ ਮਨਾਉਂਦੇ ਹੋ ਪਰ ਕਦੇ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਸੂਰਜ ਕਿਹੜੀ ਰਾਸ਼ੀ ਵਿਚ ਪ੍ਰਵੇਸ਼ ਹੋ ਰਿਹਾ ਹੈ।
ਸੁਆਲ :  ਬਿਕ੍ਰਮੀ ਕੈਲੰਡਰ ਵਿਚ ਗ਼ਲਤ ਕੀ ਹੈ?
ਜੁਆਬ : ਬਿਕ੍ਰਮੀ ਕੈਲੰਡਰ ਪਹਿਲਾਂ ਹੀ ਰੁੱਤਾਂ ਦੇ ਲਿਹਾਜ਼ ਨਾਲ 24 ਦਿਨ ਬਾਹਰ ਹੈ। ਕਿੰਨੇ ਕੁ ਲੋਕ ਜਾਣਦੇ ਹਨ ਕਿ ਅਯਾਨਮਾਸਾ ਕੀ ਹੈ? ਬਿਕ੍ਰਮੀ ਸੰਮਤ 2060 ਦੇ ਪਚਾਂਗ ਦਿਵਾਕਰ (ਹਿੰਦੀ) ਜਾਂ ਬਿਕ੍ਰਮੀ ਸੰਮਤ 2061 ਦੇ ਮਾਰਤੰਡ ਪਚਾਂਗ (ਹਿੰਦੀ) ਹਰੇਕ ਮਹੀਨੇ ਦੇ ਪਹਿਲੇ ਦਿਨ ਅਯਾਨਮਾਸਾ ਦਾ ਮੁੱਲ ਦਿੱਤਾ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਬਿਕ੍ਰਮੀ ਕੈਲੰਡਰ ਰੁੱਤਾਂ ਦੇ ਲਿਹਾਜ਼ ਨਾਲ ਕੁਦਰਤੀ ਰੁੱਤ ਚੱਕਰ ਤੋਂ 16 ਦਿਨ ਬਾਹਰ ਸੀ। 6500 ਸਾਲਾਂ ਬਾਅਦ ਚੇਤ ਮਹੀਨਾ ਜੂਨ ਦੇ ਅੱਧ ਵਿਚ ਚਲਾ ਜਾਵੇਗਾ। ਇਸ ਤਰ੍ਹਾਂ ਇਹ ਕੈਲੰਡਰ ਵਿਹਾਰਕ ਨਹੀਂ ਹੈ।
ਸੁਆਲ :  ਗੁਰੂ ਸਾਹਿਬਾਨ ਦੇ ਸਮੇਂ ਭਾਰਤ ਵਿਚ ਮੁੱਖ ਤੌਰ ‘ਤੇ ਬਿਕ੍ਰਮੀ ਚੰਦਰ ਸੂਰਜ ਕੈਲੰਡਰ, ਸ਼ੱਕ ਕੈਲੰਡਰ ਅਤੇ ਹਿਜ਼ਰੀ ਕੈਲੰਡਰ ਪ੍ਰਚੱਲਤ ਸਨ ਜਦਕਿ ਇੰਗਲੈਂਡ ਵਿਚ ਜੁਲੀਅਨ ਕੈਲੰਡਰ ਵਰਤਿਆ ਜਾਂਦਾ ਸੀ?
ਜੁਆਬ : ਗਰੀਗੋਰੀਅਨ ਕੈਲੰਡਰ ਜਿਸ ਨੂੰ ਹੁਣ ਕਾਮਨ ਇਰਾ ਵੀ ਕਿਹਾ ਜਾਂਦਾ ਹੈ, ਸਾਰੀ ਦੁਨੀਆ ਵਿਚ ਪ੍ਰਚੱਲਤ ਹੈ, ਹਾਲਾਂਕਿ ਨਾਲ ਨਾਲ ਦੇਸੀ ਕੈਲੰਡਰ ਵੀ ਚੱਲ ਰਹੇ ਹਨ। ਗਰੀਗੋਰੀਅਨ ਕੈਲੰਡਰ, ਜੁਲੀਅਨ ਕੈਲੰਡਰ ਨਾਲੋਂ ਵੀ ਭਿੰਨ ਹੈ।
ਸੁਆਲ :  ਕੀ ਨਾਨਕਸ਼ਾਹੀ ਕੈਲੰਡਰ, ਈਸਾਈ ਕੈਲੰਡਰ ਹੈ?
ਜੁਆਬ : ਜੁਲੀਅਨ ਅਤੇ ਗਰੀਗੋਰੀਅਨ ਕੈਲੰਡਰ ਦੀਆਂ ਤਰੀਕਾਂ ਨੂੰ ਮਿਲਾਉਣਾ ਗ਼ਲਤੀ ਹੋਵੇਗੀ। ਕੁਝ ਆਲੋਚਕ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਨਾਨਕਸ਼ਾਹੀ ਕੈਲੰਡਰ, ਈਸਾਈ ਕੈਲੰਡਰ ਹੈ। ਨਾਨਕਸ਼ਾਹੀ ਕੈਲੰਡਰ ਅਤੇ ਇਸਾਈ ਕੈਲੰਡਰ ਵਿਚ ਇਕੋ ਗੱਲ ਮਿਲਦੀ ਹੈ ਕਿ ਇਹ ਦੋਵੇਂ ਸੂਰਜੀ ਸਾਲ ‘ਤੇ ਆਧਾਰਤ ਹਨ। ਸੂਰਜੀ ਸਾਲ ਹੀ ਅਸਲ ਵਿਚ ਰੁੱਤਾਂ ਦੇ ਲਿਹਾਜ਼ ਨਾਲ ਪੂਰਾ ਉਤਰਦਾ ਹੈ। ਇਸ ਲਈ ਇਹ ਵਧੇਰੇ ਵਿਹਾਰਕ ਹੈ।
ਬਾਬੇ ਨਾਨਕ ਦਾ ਕੈਲੰਡਰ
ਪਾਲ ਸਿੰਘ ਪੁਰੇਵਾਲ ਨੇ ਸੂਰਜ ਸਿਧਾਂਤ, ਗ੍ਰਹਿਲਾਘਵਮ, ਮਰਕੰਦ ਸਾਰਨੀ ਸਮੇਤ ਕਈ ਕਿਤਾਬਾਂ ਦਾ ਅਧਿਐਨ ਕੀਤਾ ਹੈ। ਉਨ੍ਹਾਂ ਨੇ ਆਪਣੀ ਪੰਜ ਸੌ ਸਾਲ (1469-2000) ਦੀ ਜੰਤਰੀ ਵੀ ਤਿਆਰ ਕੀਤੀ ਹੈ। ਬਾਬੇ ਨਾਨਕ ਦਾ ਨਾਂ ਅਤੇ ਪ੍ਰਕਾਸ਼ ਪੂਰੀ ਦੁਨੀਆ ਵਿਚ ਫੈਲਾਉਣ ਲਈ ਉਨ੍ਹਾਂ ਨੇ ਆਪਣੇ ਇਸ ਕੈਲੰਡਰ ਦਾ ਨਾਂ ਨਾਨਕਸ਼ਾਹੀ ਕੈਲੰਡਰ ਰੱਖਿਆ। 1984 ਦੀਆਂ ਘਟਨਾਵਾਂ ਨੇ ਸ. ਪੁਰੇਵਾਲ ਨੂੰ ਸਿੱਖ ਪੰਥ ਲਈ ਇਕ ਵੱਖਰਾ ਕੈਲੰਡਰ ਬਣਾਉਣ ਲਈ ਪ੍ਰੇਰਿਤ ਕੀਤਾ। ਪੁਰੇਵਾਲ ਮੁਤਾਬਕ ਸੂਰਜ ਸਿਧਾਂਤ ਅਤੇ ਇਸ ਤਰ੍ਹਾਂ ਦੀਆਂ ਹੋਰ ਦੂਜੀਆਂ ਵਿਧੀਆਂ ਬਾਰੇ ਪੂਰੀ ਜਾਣਕਾਰੀ ਨਾ ਹੋਣਾ ਵੀ ਇਸ ਸਬੰਧੀ ਉਠੇ ਵਿਵਾਦ ਦਾ ਇਕ ਕਾਰਨ ਹੋ ਸਕਦਾ ਹੈ।
ਪਾਲ ਸਿੰਘ ਪੁਰੇਵਾਲ ਦਾ ਤਰਕ  
ਪਿਛਲੇ ਸਾਲ ਨਾਨਕਸ਼ਾਹੀ ਜੰਤਰੀ ਰਲੀਜ਼ ਕਰਦੇ ਹੋਏ ਦਲ ਖਾਲਸਾ ਦੇ ਆਗੂ.
*  ਪੁਰੇਵਾਲ ਨੇ ਕਿਹਾ ਕਿ ਉਨ੍ਹਾਂ 1998 ਦੇ ਨੇੜੇ ਤੇੜੇ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪ੍ਰਚੱਲਤ ਬਿਕਰਮੀ ਕੈਲੰਡਰ ਦੀਆਂ 2999 ਤਕ ਆਉਣ ਵਾਲੀਆਂ ਸੰਗਰਾਂਦਾਂ ਬਾਰੇ ਪੂਰੀ ਸੂਚੀ ਬਣਾ ਕੇ ਭੇਜੀ ਸੀ, ਜਿਨ੍ਹਾਂ ਅਨੁਸਾਰ 2999 ਵਿਚ ਵਿਸਾਖੀ 27 ਅਪ੍ਰੈਲ ਦੇ ਨੇੜੇ ਤੇੜੇ ਪੁੱਜ ਜਾਣੀ ਸੀ। ਉੁਨ੍ਹਾਂ ਕਿਹਾ ਕਿ ਜੇ ਪ੍ਰਚੱਲਤ ਬਿਕਰਮੀ ਕੈਲੰਡਰ ਦੀ ਥਾਂ ਨਾਨਕਸ਼ਾਹੀ ਕੈਲੰਡਰ ਨਾ ਅਪਣਾਇਆ ਜਾਵੇ ਤਾਂ 2999 ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ 13 ਦਸੰਬਰ ਅਤੇ 3000 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਫ਼ਰਵਰੀ ਵਿਚ ਆਉਣਾ ਸੀ। ਸ. ਪੁਰੇਵਾਲ ਨੇ ਕਿਹਾ ਕਿ ਬਿਕਰਮੀ ਕੈਲੰਡਰ ਚੰਨ ਦੀ ਗਣਨਾ ‘ਤੇ ਆਧਾਰਤ ਹੈ ਅਤੇ ਇਸ ਵਿਚ ਵਾਧ-ਘਾਟ ਹੁੰਦੀ ਹੀ ਰਹਿੰਦੀ ਹੈ ਜਦਕਿ ਉੁਨ੍ਹਾਂ ਵਲੋਂ ਬਣਾਇਆ ਗਿਆ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਵਿਚ ਆਏ ਬਾਰਹਮਾਹ ‘ਤੇ ਆਧਾਰਤ ਹੈ। ਨਾਨਕਸ਼ਾਹੀ ਕੈਲੰਡਰ ਵਿਚ ਇਕੋ ਦਿਨ ਦੋ-ਦੋ ਜਾਂ ਚਾਰ-ਚਾਰ ਤਿਉਹਾਰ ਆਉਣ ਬਾਰੇ ਪੁਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਬੰਧਤ ਦਿਨ ਤਿਉਹਾਰਾਂ ਦੀਆਂ ਤਰੀਕਾਂ ਇਤਿਹਾਸ ਦੀ ਪੁਣਛਾਣ ਕਰ ਕੇ ਹੀ ਪੱਕੀਆਂ ਕੀਤੀਆਂ ਗਈਆਂ ਹਨ।
*  1982 ਵਿਚ ਜਦੋਂ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਨਹੀਂ ਸੀ ਆਇਆ ਤਾਂ ਉਦੋਂ ਅੰਮ੍ਰਿਤਸਰ ਦੇ ਇਕ ਨਿੱਜੀ ਪ੍ਰਕਾਸ਼ਕ ਵਲੋਂ ਛਾਪੀ ਬਿਕਰਮੀ ਜੰਤਰੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਦਿਹਾੜਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਇਕ ਹੀ ਦਿਨ 22 ਦਸੰਬਰ ਨੂੰ ਆਏ ਸਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਤੋਂ ਪਹਿਲਾਂ 1944 ਵਿਚ ਅਤੇ ਫਿਰ 1963 ਵਿਚ ਵੀ ਹੋਇਆ। ਡੇਰੇਦਾਰਾਂ ਵਲੋਂ ਨਾਨਕਸ਼ਾਹੀ ਕੈਲੰਡਰ ਅਤੇ ਬਿਕਰਮੀ ਕੈਲੰਡਰ ਦੀਆਂ ਸੰਗਰਾਂਦਾਂ ਬਾਰੇ ਪੁਛੇ ਜਾਣ ‘ਤੇ ਸ.ਪੁਰੇਵਾਲ ਨੇ ਕਿਹਾ ਕਿ ਜਦੋਂ ਅਸੀਂ ਪਿਛਲਾ ਕੈਲੰਡਰ ਰੱਦ ਕਰ ਹੀ ਚੁਕੇ ਹਾਂ, ਫਿਰ ਸਾਨੂੰ ਉਸ ਵਲ ਵੇਖਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਉੁਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਮੌਸਮੀ ਸਾਲ ‘ਤੇ ਆਧਾਰਤ ਹੈ ਅਤੇ ਇਸ ਕੈਲੰਡਰ ਦੇ ਨਿਰਮਾਣ ਲਈ ਉਨ੍ਹਾਂ ਨੇ ਕਰੀਬ 34 ਇਤਿਹਾਸਕ ਵਸੀਲਿਆਂ ਦੀ ਜਾਂਚ-ਪੜਤਾਲ ਕੀਤੀ ਅਤੇ ਇਸ ਨੂੰ ਵਿਗਿਆਨਕ ਕੈਲੰਡਰ ਬਣਾਇਆ।
*  1995 ਵਿਚ ਉੁਨ੍ਹਾਂ ਨੇ ਚੰਡੀਗੜ੍ਹ ਵਿਚ ਕੈਲੰਡਰ ਸਬੰਧੀ ਸਾਰੀ ਸਮੱਗਰੀ ਵੰਡੀ ਸੀ। ਸ. ਪੁਰੇਵਾਲ ਨੇ ਕਿਹਾ ਕਿ ਜਦ ਕੈਲੰਡਰ ਤਿਆਰ ਹੋਇਆ ਤਾਂ ਥਿੱਤਾਂ ਅਤੇ ਅੰਗਰੇਜ਼ੀ ਤਰੀਕਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਆਧਾਰ ਬਣਾ ਕੇ ਇਤਿਹਾਸਕ ਦਿਹਾੜੇ ਤੈਅ ਕੀਤੇ ਗਏ। ਉਨ੍ਹਾਂ ਕਿਹਾ ਕਿ ਸੂਰਜੀ ਸਿਧਾਂਤ ਦੇ ਕੈਲੰਡਰ ਗੁਰੂ ਕਾਲ ਤੋਂ ਪ੍ਰਚੱਲਤ ਹਨ। ਸ. ਪੁਰੇਵਾਲ ਨੇ ਕਿਹਾ ਕਿ ਸਾਲ 2003 ਵਿਚ ਜਦ ਉਨ੍ਹਾਂ ਨਾਲ ਡੇਰੇਦਾਰਾਂ ਦੀ ਅਕਾਲ ਤਖ਼ਤ ਸਾਹਿਬ ਉਤੇ ਆਖ਼ਰੀ ਮੀਟਿੰਗ ਹੋਈ ਸੀ, ਉਦੋਂ ਵੀ ਕੋਈ ਇਤਰਾਜ਼ ਦੇਣ ਵਿਚ ਡੇਰੇਦਾਰ ਅਸਫ਼ਲ ਰਹੇ ਸਨ। ਬਨਾਰਸ ਦੇ ਬ੍ਰਾਹਮਣਾਂ ਨੇ 1960 ਵਿਚ ‘ਸੂਰਜੀ ਸਿਧਾਂਤ‘ ਨੂੰ ਤਿਲਾਂਜਲੀ ਦੇ ਦਿਤੀ ਸੀ। ਉਨ੍ਹਾਂ ਕਿਹਾ ਕਿ ਜੇ ਉਦੋਂ ਕਿਸੇ ‘ਬ੍ਰਾਹਮਣ‘ ਨੇ ਸਾਨੂੰ ਨਹੀਂ ਪੁਛਿਆ ਤਾਂ ਫਿਰ ਅੱਜ ਸਾਨੂੰ ਕਿਉਂ ਵਾਰ-ਵਾਰ ਉਨ੍ਹਾਂ ਵਲ ਵੇਖਣਾ ਪੈ ਰਿਹਾ ਹੈ?
*  ਪਾਲ ਸਿੰਘ ਪੁਰੇਵਾਲ ਮੁਤਾਬਕ ਨਾਨਕਸ਼ਾਹੀ ਕੈਲੰਡਰ ਗੁਰਬਾਣੀ ‘ਤੇ ਪੂਰਾ ਉਤਰਦਾ ਹੈ ਅਤੇ ਹਰ ਮੌਸਮ ਅਨੁਸਾਰ ਹੈ। ਕੈਲੰਡਰ ‘ਚ ਉਨ੍ਹਾਂ ਨੇ ਸਾਲ ਦੀ ਲੰਬਾਈ 365 ਦਿਨ, ਪੰਜ ਘੰਟੇ 48 ਮਿੰਟ ਅਤੇ 46 ਸੈਕੰਡ ਲਈ ਹੈ। ਇਹ ਲੰਬਾਈ ਅੰਤਰਰਾਸ਼ਟਰੀ ਪੱਧਰ ਦੀ ਮੰਨੀ ਜਾਂਦੀ ਹੈ। ਪਾਲ ਸਿੰਘ ਪੁਰੇਵਾਲ ਦਾ ਤਰਕ ਹੈ ਕਿ ਧ੍ਰਕ ਗਣਿਤ ਫਾਰਮੂਲੇ ਨਾਲ ਤਿਆਰ ਬਿਕਰਮੀ ਸੰਮਤ ਕੈਲੰਡਰ (ਮੌਜੂਦਾ ਕੈਲੰਡਰ) ‘ਚ ਸਾਲ ਦੀ ਲੰਬਾਈ 365 ਦਿਨ, ਛੇ ਘੰਟੇ, ਨੌਂ ਮਿੰਟ ਅਤੇ ਦਸ ਸੈਕੰਡ ਲਈ ਗਈ ਹੈ। ਬਿਕਰਮੀ ਸੰਮਤ ਕੈਲੰਡਰ ਦੇ ਸਾਲ ਦੀ ਲੰਬਾਈ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਤੋਂ ਵੱਡੀ ਹੈ। ਇਸ ਨਾਲ ਸੱਤਰ ਸਾਲਾਂ ਵਿਚ ਲਗਭਗ ਇਕ ਦਿਨ ਦਾ ਫਰਕ ਪੈ ਜਾਵੇਗਾ। ਇਸ ਨਾਲ ਬਿਕਰਮੀ ਸੰਮਤ ਕੈਲੰਡਰ ਵਿਚ ਸੰਗਰਾਂਦ ਦੀਆਂ ਤਰੀਕਾਂ ਹਰ ਸਾਲ ਅੱਗੇ ਖਿਸਕਦੀਆਂ ਰਹਿਣਗੀਆਂ। ਇਸ ਨਾਲ ਦੇਸੀ ਮਹੀਨੇ ਵੀ ਅੱਗੇ ਖਿਸਕਣਗੇ ਅਤੇ ਆਪਣੇ ਮੌਸਮ ਮੁਤਾਬਕ ਨਹੀਂ ਰਹਿਣਗੇ। ਇਸ ਦੇ ਉਲਟ ਨਾਨਕਸ਼ਾਹੀ ਕੈਲੰਡਰ ਮੁਤਾਬਕ ਦੇਸੀ ਮਹੀਨੇ ਅਤੇ ਇਨ੍ਹਾਂ ਨਾਲ ਸਬੰਧਤ ਮੌਸਮ ਅਗਲੇ ਸਾਲਾਂ ਵਿਚ ਇੰਝ ਹੀ ਰਹਿਣਗੇ ਜਿਵੇਂ ਚਲਦੇ ਆ ਰਹੇ ਹਨ। ਆਪਣੀ ਸਟੱਡੀ ਵਿਚ ਸ. ਪੁਰੇਵਾਲ ਨੇ ਬਿਕ੍ਰਮੀ ਸੰਮਤ ਕੈਲੰਡਰ ਵਿਚ ਸੰਗਰਾਂਦ ਆਦਿ ਦੀਆਂ ਤਾਰੀਕਾਂ ਅੱਗੇ ਜਾਣ ਦੀ ਕਮੀ ਦੇਖੀ ਸੀ ਅਤੇ ਇਸ ਇਨ੍ਹਾਂ ਨੂੰ ਕਮੀਆਂ ਨੂੰ ਦੂਰ ਕਰ ਦਿੱਤਾ ਗਿਆ।
*  ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਵੀ ਇਸ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਦਿਤੀ ਹੋਈ ਹੈ। ਸ. ਪੁਰੇਵਾਲ ਦਾ ਕਹਿਣਾ ਹੈ ਕਿ ਜਦ ਇਹ ਕੈਲੰਡਰ 2003 ਵਿਚ ਲਾਗੂ ਹੋਇਆ ਸੀ ਤਾਂ ਉਦੋਂ ਭਾਰਤ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਇਤਿਹਾਸਕ ਦਿਹਾੜਿਆਂ ‘ਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਛੁੱਟੀਆਂ ਕਰਨ ਲਈ ਚਿੱਠੀ ਲਿਖੀ ਸੀ ਤਾਂ ਉਦੋਂ ਭਾਰਤ ਸਰਕਾਰ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬਿਕਰਮੀ ਕੈਲੰਡਰ ਅਨੁਸਾਰ ਰੱਖੇ ਜਾਣ ‘ਤੇ ਇਤਰਾਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਭਾਰਤ ਸਰਕਾਰ ਦੇ ਇਤਰਾਜ਼ ਵਾਲੀ ਚਿੱਠੀ ਉਨ੍ਹਾਂ ਕੋਲ ਕੈਨੇਡਾ ਭੇਜੀ ਸੀ। ਉਦੋਂ ਉਨ੍ਹਾਂ ਇਸ ਚਿੱਠੀ ਦੇ ਜਵਾਬ ਵਿਚ ਇਕ ਸਖ਼ਤ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਭਾਰਤ ਸਰਕਾਰ ਨੂੰ ਸਾਫ਼ ਸ਼ਬਦਾਂ ਵਿਚ ਕਿਹਾ ਸੀ ਕਿ ਇਹ ਫ਼ੈਸਲਾ ਪੰਥ ਦਾ ਹੈ ਅਤੇ ਤੁਹਾਡਾ ਕੰਮ ਸੁਝਾਅ ਦੇਣਾ ਨਹੀਂ। (ਅੰਮ੍ਰਿਤਸਰ ਟਾਈਮਜ਼ ਚੋਂ ਧੰਨਵਾਦ ਸਹਿਤ)
ਨਾਨਕਸ਼ਾਹੀ ਕੈਲੰਡਰ ਬਾਰੇ ਮੀਡੀਆ ਦੇ ਵੱਖ ਵੱਖ ਹਿਸਿਆਂ 'ਚ ਛਪੇ ਵਿਚਾਰਾਂ ਦੀ ਇਸ ਪੇਸ਼ਕਸ ਵਿੱਚ ਤੁਹਾਡੇ ਵਿਚਾਰਾਂ ਦਾ ਵੀ ਸੁਆਗਤ ਹੈ. ਇਸ ਮੁੱਦੇ ਤੇ ਤੁਸੀਂ ਕੀ ਸੋਚਦੇ ਹੋ, ਕੀ ਕਹਿਣਾ ਚਾਹੁੰਦੇ ਹੋ....ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. --ਰੈਕਟਰ ਕਥੂਰੀਆ 

No comments: