Thursday, February 10, 2011

....ਨਿਰਾ ਨੂਰ ਤੁਸੀਂ ਹਥ ਨਾ ਆਏ...!

ਸਿਹਤ ਇੱਕ ਵਾਰ ਫਿਰ ਏਨੀ ਜਿਆਦਾ ਢਿੱਲੀ ਹੋ ਗਈ ਕਿ ਬਾਰ ਬਾਰ ਉਪਰੋਂ ਆਏ ਬੁਲਾਵੇ ਦਾ ਅਹਿਸਾਸ ਹੁੰਦਾ. ਉਠਣਾ ਮੁਸ਼ਕਿਲ ਲੱਗ ਰਿਹਾ ਸੀ. ਕਿਤੇ ਜਾਣਾ ਆਉਣਾ ਪਹਾੜ ਜਾਪਦਾ. ਅੱਖਾਂ ਦਰਦ, ਪਿਠ ਦਰਦ, ਬੁਖਾਰ ਅਤੇ ਹੋਰ ਕਿੰਨਾ ਹੀ ਕੁਝ. ਸੱਤ ਫਰਵਰੀ ਤੋਂ ਬਾਅਦ ਅਠ ਫਰਵਰੀ ਵਾਲੇ ਦਿਨ ਵੀ ਇਹੀ ਹਾਲ ਰਿਹਾ. ਸਵੇਰ ਲੰਘੀ, ਦੁਪਹਿਰ ਲੰਘੀ ਅਤੇ ਫਿਰ ਰਾਤ ਵੀ ਲੰਘ ਗਈ. ਅਗਲੇ ਦਿਨ 9 ਫਰਵਰੀ ਨੂੰ ਵੀ ਨਾ ਤਨ ਠੀਕ ਹੋਇਆ ਨਾ ਹੀ ਮਨ. ਉਦਾਸੀ ਲਗਾਤਾਰ ਵਧ ਰਹੀ ਸੀ. ਆਪਣੇ ਆਪ ਨਾਲ ਮੁਲਾਕਾਤ ਕਰਨ ਲਈ ਮੈਂ ਏਕਾਂਤ ਭਾਲ ਰਿਹਾ ਸਾਂ ਜੋ ਮਿਲ ਨਹੀਂ ਸੀ ਰਹੀ.  ਟੀਵੀ ਦੇਖਣ ਦੀ ਕੋਸ਼ਿਸ਼ ਕੀਤੀ  ਕਿ ਸ਼ਾਇਦ ਮਨ ਏਧਰ ਲੱਗ ਜਾਏ ਪਰ ਗੱਲ ਨਹੀਂ ਬਣੀ.  ਅਜਿਹੀ ਹਾਲਤ ਵਿੱਚ ਮਿੰਟ ਕੁ ਮਗਰੋਂ ਮੋਬਾਇਲ ਫੋਨ ਦੀ ਟੋਨ ਸੁਣ ਕੇ ਬਾਰ ਬਾਰ ਖਿਝ ਵਧ ਰਹੀ ਸੀ. ਇੱਕ ਡਰ ਜਿਹਾ ਵੀ ਸੀ. ਲੱਗਦਾ ਸੀ ਕਿਤੇ ਕੋਈ ਕੋਈ ਉਦਾਸ ਖਬਰ ਦਸਤਕ ਦੇ ਰਹੀ ਹੈ. ਹਾਲਾਂਕਿ ਪੱਤਰਕਾਰਿਤਾ ਵਿੱਚ ਉਦਾਸ ਖਬਰਾਂ ਦਾ ਆਉਣਾ ਇੱਕ ਆਮ ਜਿਹੀ ਗੱਲ ਹੈ ਪਰ ਫਿਰ ਵੀ ਇਸ ਵਾਰ ਮਨ ਤਿਆਰ ਨਹੀਂ ਸੀ.  ਬਾਰ ਬਾਰ ਖੜਕਦੇ ਫੋਨ ਤੋਂ ਤੰਗ ਆ ਕੇ ਮੈਂ ਉਸਨੂੰ ਵੀ ਸਵਿਚ ਆਫ਼ ਕਰ ਦਿੱਤਾ. ਬਲੱਡ ਪ੍ਰੈਸ਼ਰ ਦੀ ਦਵਾਈ ਲਈ ਅਤੇ ਸੌਂ ਗਿਆ. ਦਵਾਈ ਲੈ ਕੇ ਵੀ ਕਾਫੀ ਦੇਰ ਨੀਂਦ ਹੀ ਨਹੀਂ ਆਈ ਅਤੇ ਜਦੋਂ  ਆਈ ਤਾਂ ਅਜੀਬੋ ਗਰੀਬ ਸੁਪਨੇ ਸਨ. ਖਾਹ ਮਖਾਹ ਦੀ ਭਜ ਦੌੜ ਵਾਲੇ ਸੁਪਨੇ....ਸਵੇਰੇ  ਉਠ ਕੇ ਥਕਾਵਟ ਹੋਰ ਵਧੀ ਲੱਗ ਰਹੀ ਸੀ.  
ਧਰਮ ਪਤਨੀ ਨੇ ਚਾਹ ਦਾ ਕੱਪ  ਫੜਾਇਆ ਟੀਵੀ ਤੇ ਖਬਰ ਚੱਲ ਰਹੀ ਸੀ ਡਾਕਟਰ  ਸੁਤਿੰਦਰ ਸਿੰਘ ਨੂਰ ਨਹੀਂ ਰਹੇ. ਮਨ ਹੋਰ ਉਦਾਸ ਹੋ ਗਿਆ. ਇਤਬਾਰ ਕਰਨ ਲਈ ਵੀ ਦਿਲ ਨਹੀਂ ਸੀ ਕਰ ਰਿਹਾ. ਫੇਸਬੁਕ ਆਨ ਕੀਤੀ ਤਾਂ ਸੁਖਿੰਦਰ ਜੀ ਵੱਲੋਂ ਸੋਗੀ ਸੁਨੇਹੇ ਨੇ ਇਸ ਖਬਰ ਦੇ ਸਚ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ. ਡਾਕਟਰ ਨੂਰ ਸਾਡੇ ਹਰਮਨ ਪਿਆਰੇ ਅਤੇ ਸਪਸ਼ਟਵਾਦੀ ਮਿੱਤਰ ਸੁਖਿੰਦਰ ਜੀ ਦੇ ਵੱਡੇ ਭਰਾ ਵੀ ਸਨ. ਅਖਬਾਰਾਂ ਵੀ ਇਹੀ ਦਸ ਰਹੀਆਂ ਸਨ ਕੀ ਹਨ ਇਹ ਸਚ ਹੈ.ਭਾਰਤੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਅਤੇ ਉੱਘੇ ਆਲੋਚਕ ਡਾ. ਸੁਤਿੰਦਰ ਸਿੰਘ ਨੂਰ ਨਹੀਂ ਸਨ ਰਹੇ. ਉਹ 70 ਵਰ੍ਹਿਆਂ ਦੇ ਸਨ ਅਤੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ਼ ਸਨ ਜਿਥੇ ਕਿ ਉਹਨਾਂ ਦਾ ਦੇਹਾਂਤ ਹੋ ਗਿਆ. ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਵੀ ਰੱਖਿਆ ਗਿਆ ਸੀ. ਡਾ.ਨੂਰ ਸ਼ੂਗਰ ਦੇ ਮਰੀਜ਼ ਸਨ ਅਤੇ ਕੁਝ ਸਮਾਂ ਪਹਿਲਾਂ ਕੰਨ ਦੀ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ  ਦਾਖਲ ਹੋਏ ਸਨ ਪਰ ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਵਿਗੜਦੀ ਗਈ. ਬੀਤੇ ਦਿਨੀਂ ਹੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚਾ ਦਿੱਲੀ ਸਰਕਾਰ ਵੱਲੋਂ ਉਠਾਉਣ ਦਾ ਐਲਾਨ ਕੀਤਾ ਸੀ,ਜਦੋਂ ਕਿ ਦਿੱਲੀ ਯੂਨੀਵਰਸਿਟੀ ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚਾ ਪਹਿਲਾਂ ਹੀ ਕਰ ਰਹੀ ਸੀ. ਕਾਬਿਲੇ ਜ਼ਿਕਰ ਹੈ ਕਿ  ਡਾ. ਨੂਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚੋਂ ਰਿਟਾਇਰ ਹੋਏ ਸਨ। ਉਨ੍ਹਾਂ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਭਰਵਾਂ ਯੋਗਦਾਨ ਪਾਇਆ ਸੀ. ਪੰਜਾਬੀ ਸਭਾਵਾਂ ਵਿੱਚ ਉਹਨਾਂ ਦੀ ਮੌਜੂਦਗੀ ਬਹੁਤ ਜ਼ਰੂਰੀ ਗਿਣੀ ਜਾਂਦੀ ਸੀ.  
ਉਹਨਾਂ ਨਾਲ ਮਿਲਣਾ, ਉਹਨਾਂ ਨਾਲ ਗਲਾਂ ਕਰਨੀਆਂ ਇੱਕ ਫਖਰ ਸਮਝਿਆ ਜਾਂਦਾ ਸੀ. ਹੁਣ ਇਹ ਸਭ ਕੁਝ ਬਸ ਯਾਦਾਂ ਦੀ ਦੁਨੀਆ ਵਿੱਚ ਚਲਾ ਗਿਆ.
ਡਾ.ਨੂਰ ਦਾ ਜਨਮ ਪੰਜਾਬੀ ਲੇਖਕ ਗਿਆਨੀ ਹਰੀ ਸਿੰਘ ਜਾਚਕ ਦੇ ਘਰ 5 ਅਕਤੂਬਰ 1940 ਨੂੰ ਕੋਟਕਪੂਰਾ (ਜ਼ਿਲ੍ਹਾ ਫਰੀਦਕੋਟ) ਵਿਖੇ ਹੋਇਆ ਸੀ.ਡਾ.ਨੂਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਅੰਗਰੇਜ਼ੀ ਅਤੇ ਬਾਅਦ ਵਿੱਚ ਪੰਜਾਬੀ ਭਾਸ਼ਾ ਵਿੱਚ ਐਮ ਏ ਪਾਸ ਕੀਤੀ. ਉਨ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਬਾਰੇ 1976 ਵਿੱਚ ਪੀ ਐੱਚ. ਡੀ. ਦੀ ਡਿਗਰੀ ਹਾਸਿਲ ਕੀਤੀ ਸੀ। ਡਾ.ਨੂਰ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਵਾਈਸ ਚੇਅਰਮੈਨ ਸਨ. ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਗਏ ਡਾ.ਨੂਰ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਕਈ ਵਰ੍ਹੇ ਪਹਿਲਾਂ ਸੇਵਾ ਮੁਕਤ ਹੋ ਗਏ ਹਨ. ਭਾਰਤੀ ਗਿਆਨਪੀਠ ਲਈ ਉਹ ਪੰਜਾਬੀ ਭਾਸ਼ਾ ਦੇ ਕਨਵੀਨਰ ਸਨ ਅਤੇ ਬਿਰਲਾ ਫਾਉਂਡੇਸ਼ਨ ਲਈ ਵੀ ਉਹ ਪੁਰਸਕਾਰ ਚੋਣ ਕਮੇਟੀ ਦੇ ਕਨਵੀਨਰ ਸਨ.  ਡਾ.ਸੁਤਿੰਦਰ ਸਿੰਘ ਨੂਰ ਨੂੰ ਹੁਣ ਤੱਕ ਕਈ ਸਾਹਿਤਕ, ਸਭਿਆਚਾਰਕ ਪੁਰਸਕਾਰ ਹਾਸਲ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਸਾਲ 2004 ਦੌਰਾਨ ਮਿਲਿਆ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਸਭ ਤੋਂ ਸਰਵੋਤਮ ਹੈ. ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਪੰਜਾਬੀ ਅਕਾਦਮੀ ਦਿੱਲੀ ਵੱਲੋਂ ਵੀ ਉਨ੍ਹਾਂ ਨੂੰ ਪੰਜਾਬੀ ਆਲੋਚਨਾਤਮਕ ਪੁਰਸਕਾਰ ਹਾਸਲ ਹੋ ਚੁੱਕਾ ਹੈ.
ਪੰਜਾਬੀ ਮੰਚ ਦਿੱਲੀ  ਨੇ ਵੀ ਉਨ੍ਹਾਂ ਦੇ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ. ਡਾ.ਨੂਰ ਦੇ ਦੇਹਾਂਤ ਨੂੰ ਪੰਜਾਬੀ ਸਾਹਿਤ ਜਗਤ ਲਈ ਵੱਡਾ ਘਾਟਾ ਦੱਸਦਿਆਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਾਹਿਤਕ ਖੇਤਰ ਹੱਥੋਂ ਇਕ ਅਨਮੋਲ ਹੀਰਾ ਖੁੱਸ ਗਿਆ.ਤੌਕ਼ੀਰ ਚੁਗਤਾਈ ਨੇ ਕਿਹਾ ਕਿ ਅਜ ਦੇਹਲੀ ਵਿਚ ਇਕ ਘਰ ਦਾ ਦਰਵਾਜ਼ਾ ਮੇਰੇ ਤੇ ਹਮੇਸ਼ਾ ਲਈ ਬੰਦ ਹੋ ਗਿਆ . ਮੇਰਾ 20  ਸਾਲ ਪੁਰਾਣਾ ਯਾਰਾਨਾ ਤੇ ਭਾਈਚਾਰਾ ਲੈ ਕੇ ਨੂਰ ਹੋਰੀ ਚੁਪ ਚਾਪ ਤੁਰ ਗਏ.ਇਹ ਨਾ ਕੇਵਲ ਸਾਹਿਤ ਦਾ ਬਹੁਤ ਵਡਾ ਨੁਕ਼ਸਾਨ ਹੇ ,ਸਗੋਂ ਪਾਕਿਸਤਾਨ ਇੰਡੀਆ ਦੋਸਤੀ ਲਈ ਵੀ ਦੁਖ ਭਰੀ ਖਬਰ ਹੇ......ਕਾਸ਼ ਮੇੰ ਆਪ ਜਾ ਕੇ ਓਹਨਾਂ ਦੇ ਬੱਚਿਆਂ ਨੂੰ ਦਿਲਾਸਾ ਦੇ ਸਕਦਾ...ਕਾਸ਼....! ਹਰਚਰਨ ਬੈਂਸ  ਹੁਰਾਂ ਨੇ ਉਹਨਾਂ ਦੀ ਕਲਮ ਅਤੇ ਸ਼ਖਸੀਅਤ ਨੂੰ ਸਲਾਮ ਆਖਦਿਆਂ ਆਪਣੀ ਸ਼ਰਧਾਂਜਲੀ ਇਸ ਤਰਾਂ ਦਿੱਤੀ.....ਨਿਰਾ ਨੂਰ ਤੁਸੀਂ ਹਥ ਨਾ ਆਏ...ਸਾਡੀ ਕੰਬਦੀ ਰਹੀ ਕਲਾਈ...!
ਕ੍ਰਾਂਤੀ ਪਾਲ ਨੇ ਇਸ ਨੂੰ ਇਕ ਯੁਗ ਦਾ ਅੰਤ ਦੱਸਿਆ..... ਅਮਰ ਦੀਪ ਗਿੱਲ ਹੁਰਾਂ ਕਿਹਾ, "ਪੰਜਾਬੀ ਸਾਹਿਤ ਦਾ ਸਿਰ ਨੰਗਾ ਹੋ ਗਿਆ.....ਆਹ ਡਾ. ਨੂਰ...! ਸਲੀਮ ਪਾਸ਼ਾ ਨੇ ਆਪਣੇ ਸੋਗ ਸੰਦੇਸ਼ ਵਿੱਚ ਕਿਹਾ, ਬਹੁਤ ਦੁੱਖ  ਹੋਇਆ ਨੂਰ ਜੀ ਦੇ ਚਲਾਣਾ ਕਰਨ ਦਾ, ਮੇਰੀ ਓਹਨਾਂ ਨਾਲ ਲਾਹੋਰ ਵਿੱਚ 2005 ਵਾਲੀ ਵਰਲਡ ਪੰਜਾਬੀ ਕਾਂਗਰਸ ਵਿਚ ਮੁਲਕ਼ਾਤ ਹੋਈ ਸੀ  ਤੇ ਬਹੁਤ ਗੱਲਾਂ ਹੋਈਆਂ ਦੋਹਾਂ ਪਾਸੇ ਦੇ  ਪੰਜਾਬ ਤੇ  ਓਹਨਾਂ ਮੇਰੀ ਨਜ਼ਮਾਂ ਦੀ ਬੁਕ  ਨੂੰ ਖਾਸ ਤੌਰ ਤੇ ਸਲਾਹਿਆ. ਰਬ ਓਹਨਾਂ ਨੂੰ ਆਪਣੀ ਰਹਿਮਤ ਵਿਚ ਥਾਂ ਦੇਵੇ. ਆਮੀਨ.‎  ਤਰਲੋਕ ਸਿੰਘ ਜੱਜ ਨੇ ਆਪਣੇ ਸੋਗ ਸੁਨੇਹੇ ਵਿੱਚ ਕਿਹਾ ਕਿ  "ਨੂਰ" ਦੀ ਖਾਮੋਸ਼ੀ ਪੰਜਾਬੀ ਸਾਹਿਤ ਲਈ ਤੇ ਪੰਜਾਬੀ ਲਈ ਮੰਦਭਾਗੀ ਗੱਲ ਹੈ ਤੇ ਪਰਿਵਾਰ ਵਾਸਤੇ ਵੀ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ.... ਰਣਜੀਤ ਸਿੰਘ ਪ੍ਰੀਤ ਨੇ ਕਿਹਾ, "...ਪੰਜਾਬ,ਪੰਜਾਬੀ,ਪੰਜਾਬੀਅਤ ਲਈ ਸਾਹਿਤਕ ਖ਼ੇਤਰ ਦਾ ਬਹੁਤ ਹੀ ਦੁਖਦਾਈ ਅਤੇ ਅਫ਼ਸੋਸਨਾਕ ਸਮਾਂ ਚੱਲੀ ਜਾ ਰਿਹਾ ਹੈ,ਸਾਹਿਤਕਾਰ ਅਤੇ ਅਲੋਚਕ ਵੀਰ ਸਤਿੰਦਰ ਸਿੰਘ ਨੂਰ ਜੀ ਦਾ ਚਲਾਣਾ ਬੜਾ ਹੀ ਦਰਦੀਲਾ ਅਤੇ ਮਨ ਨੂੰ ਵੱਡੀ ਠੇਸ ਪੁਚਾਉਣ ਵਾਲਾ ਹੈ,ਤੰਦਰੁਸਤ ਸਮਾਜ ਦੀ ਸਿਰਜਣਾਂ ਲਈ ਉਹਨਾਂ ਦੀ ਬਹੁਤ ਲੋੜ ਸੀ, ਇਸ ਖਲਾ ਨੂੰ ਕਿਸੇ ਵੀ ਤਰ੍ਹਾਂ ਪੂਰਿਆ ਨਹੀਂ ਜਾ ਸਕਦਾ. 
ਇੱਕ ਗੱਲ ਜਿਹੜੀ ਜ਼ਿਆਦਾ ਦੁੱਖ ਦੇਂਦੀ ਹੈ...ਉਹ ਹੈ ਕੁਵੇਲੇ ਵਿਛੋੜੇ ਦੀ. ਅੱਜ ਕਲ ਵਿਗਿਆਨ ਦੇ ਇਸ ਯੁਗ ਵਿੱਚ ਸੱਤਰ ਵਰ੍ਹਿਆਂ ਦੀ ਉਮਰ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ. ਦੁਨੀਆ ਵਿੱਚ ਮਨੁੱਖੀ ਉਮਰ ਨੂੰ 300 ਸਾਲ ਕਰਨ ਦੇ ਉਪਰਾਲੇ ਵੀ ਜਾਰੀ ਹੈ.  ਇਹ ਦੇਖਣਾ ਸਾਡਾ ਸਾਰੀਆਂ ਦਾ ਫਰਜ਼ ਹੈ ਕੀ ਜਿਹੜੇ ਚਿੰਤਕ ਅਤੇ ਵਿਦਵਾਨ ਆਪਣੀ ਸਾਰੀ ਜਵਾਨੀ, ਸਾਰੀ ਊਰਜਾ ਸਾਹਿਤ ਅਤੇ ਸਮਾਜ ਨੂੰ ਕੁਝ ਦੇਣ ਲਈ ਲਗਾ ਦੇਂਦੇ ਹਨ ਅਸੀਂ ਉਹਨਾਂ ਦੀ ਘਾਲਣਾ ਬਾਰੇ ਕਿੰਨੇ ਕੁ ਗੰਭੀਰ ਹੁੰਦੇ ਹਾਂ. --ਰੈਕਟਰ ਕਥੂਰੀਆ 

1 comment:

ART ROOM said...

noor sahib di punjabi sahit nu mahaan den ha.