Wednesday, February 09, 2011

ਮੇਰਾ ਕਾਰਜ ਮਹਾਨ...ਮੇਰਾ ਭਾਰਤ ਮਹਾਨ...

ਇੰਡੀਅਨ ਕ੍ਰਿਕੇਟ ਟੀਮ ਪਿਛਲੇ ਕਾਫੀ ਸਮੇਂ ਤੋ ਟੇਸਟ ਕ੍ਰਿਕੇਟ ਵਿਚ ਨੰਬਰ ਇੱਕ ਤੇ ਚੱਲ ਰਹੀ ਹੈ. ਕਾਬਿਲੇ ਜ਼ਿਕਰ ਹੈ ਕਿ 20 -20 ਅਤੇ ਵਨ-ਡੇ ਵਿਚ ਵੀ ਧਮਾਕੇਦਾਰ ਪ੍ਰਦਰਸ਼ਨ ਕਰ ਰਹੀ ਹੈ. ਦੂਜੇ ਪਾਸੇ ਕੇਂਦਰ ਸਰਕਾਰ ਵੀ ਕਾਫੀ ਸਮੇ ਤੋ ਘੋਟਾਲਿਆ ਵਿਚ ਨੰਬਰ ਇੱਕ ਤੇ ਚੱਲ ਰਹੀ ਹੈ. ਮਹਾਨਤਾ ਦੇ ਨਵੇਂ ਨਵੇਂ ਰਿਕਾਰਡ ਸਥਾਪਿਤ ਕਰਦਿਆਂ ਉਸਦਾ ਘਪਲੇਬਾਜ਼ੀ ਵਿਚ ਸ਼ਾਨਦਾਰ ਤੇ ਲਾਜਵਾਬ ਪ੍ਰਦਰਸ਼ਨ ਜਾਰੀ ਹੈ. ਕਾਮਨਵੈਲਥ ਟੇਸਟ ਮੈਚ ਵਿਚ ਕਲਮਾਡੀ ਸਾਹਿਬ  ਦੀਆਂ ਸੈਂਚਰੀਆਂ ਅਤੇ 2g ਸਪੈਕਟਰਮ ਦੇ  ਮੈਦਾਨ ਵਿਚ ਏ.ਰਾਜਾ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੋਲਤ ਸਰਕਾਰ ਹੁਣ ਘਪਲੇਬਾਜ਼ੀ ਦੇ ਪਹਿਲੇ ਨੰਬਰ ਤੇ ਕਾਬਜ਼ ਹੋ ਚੁੱਕੀ ਹੈ. ਕਲਮਾਡੀ ਤੇ ਰਾਜਾ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਸੁਪਰੀਮ ਕੋਰਟ ਵਲੋ ਸਨ੍ਹਮਾਨਿਤ ਵੀ ਕੀਤਾ ਜਾ ਚੁੱਕਾ ਹੈ. ਮੀਡੀਆਂ ਨੇ ਵੀ ਉਨ੍ਹਾਂ ਦਾ ਚੰਗਾ ਮੂੰਹ ਕਾਲਾ ਕੀਤਾ ਹੈ ਓਹ ਹੋ ਸੌਰੀ ਸਤਿਕਾਰ ਕੀਤਾ ਹੈ. ਸੀ.ਵੀ.ਸੀ ਵਾਲੇ ਮੈਚ ਵਿਚ ਖਿਡਾਰੀਆਂ ਦੀ ਚੋਣ ਨੂੰ ਲੈ ਕੇ ਉੱਠੇ ਵਿਵਾਦ ਦੇ ਬਾਵਜੂਦ ਪੀ.ਜੇ.ਥੋਮਸ ਹਰਫਨ-ਮੋਲਾ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੇ. 
ਕੁਝ ਹਫਤਿਆਂ ਤੋ ਸਰਕਾਰ ਦੇ ਬੱਲੇਬਾਜ ਖਾਮੋਸ਼ ਸਨ ਪਰ ਹੁਣ ਇੱਕ ਤਾਜ਼ਾ ਮੈਚ ਯਾਨੀ ਕਿ ਘਪਲੇ ਵਿਚ ਸਰਕਾਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ  ਹੋਇਆ ਹੈ.  ਹੁਣ ਤਾਂ ਇਕ ਨਵੀਂ ਕਮਾਲ ਵੀ ਹੋਈ ਹੈ.  ਇਸਰੋ ਦੇ ਮੈਦਾਨ 'ਚ ਖੇਡੇ ਗਏ ਇੱਕ ਵਿਸ਼ੇਸ਼ ਮੁਕਾਬਲੇ ਵਾਲੇ ਮੈਚ ਵਿਚ ਦੋ ਲੱਖ ਕਰੋੜ ਦਾ ਜਾਦੂਈ ਅੰਕੜਾਂ ਪਾਰ ਕਰਦੇ ਹੋਏ ਸਰਕਾਰ ਨੇ ਆਪਣੇ ਰਿਕਾਰਡ ਵਿਚ ਹੋਰ ਵਾਧਾ ਕਰ ਲਿਆ ਹੈ. ਕੁਝ ਚਿਰ ਤੋ ਖਾਮੋਸ਼ ਸਰਕਾਰ ਦੇ ਤੇਜ਼ ਤਰਾਰ ਬੱਲੇਬਾਜਾਂ ਨੇ ਆਪਣੀ ਹਮਲਾਵਰ ਖੇਡ ਕਾਰਨ ਇਸਰੋ ਦੇ ਮੈਦਾਨ ਵਿਚ ਵੀ ਆਪਣੀ ਛਾਪ ਛੱਡਣ ਵਿਚ ਸਫਲ ਰਿਹੇ.ਇਥੇ ਸੈਂਚਰੀ ਕਿਸ ਕਿਸ ਨੇ ਬਣਾਈ ਹੈ ਇਹ ਤਾ ਸਕੋਰਰ {ਕੈਗ} ਦੇ ਅੰਕੜਿਆਂ ਦੀ ਪੁਸ਼ਟੀ ਤੋ ਬਾਅਦ ਹੀ ਪਤਾ ਚਲੇਗਾ. ਕਿਓਂਕਿ  ਪਹਿਲਾਂ ਇਹ ਅੰਕੜੇ ਅੰਪਾਇਰਾਂ ਕੋਲ ਭੇਜੇ ਜਾਣਗੇ ਜਿਹੜੇ ਕਿ ਸੰਸਦ ਭਵਨ ਵਿੱਚ ਬੈਠਣ ਦਾ ਦਾਅਵਾ ਵੀ ਕਰਦੇ ਹਨ. ਫਿਰ ਰੈਫਰੀ ਵਜੋਂ ਕੰਮ ਕਰ ਰਹੀ ਪੀ ਏ ਸੀ ਵੱਲੋਂ ਵੀ ਇਸਦੀ ਪੁਸ਼ਟੀ ਕੀਤੀ ਜਾਣੀ ਹੈ. ਇਸ ਸਭ ਕੁਝ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਸਰਕਾਰ ਇਸ ਮੈਚ ਵਿਚ ਕਿਹੋ ਜਿਹਾ ਪ੍ਰਦਰਸ਼ਨ ਕਰ ਸਕੀ ਹੈ.ਵੈਸੇ ਸੁਣਿਆ ਹੈ ਕਿ ਐਸ.ਬੈਂਡ ਦੇ ਇਸ ਘੋਟਾਲੇ ਵਿਚ ਸਰਕਾਰੀ ਮਾਲੀਏ ਦਾ ਦੋ ਲੱਖ ਕਰੋੜ ਰੁਪਏ  ਦਾ ਨੁਕਸਾਨ ਹੋਇਆ ਹੈ . ਜਿਸ ਕੀਮਤ ਤੇ ਇਹ ਬੰਦ ਦੇਵਾਸ ਮਲਟੀਮੀਡੀਆਂ ਨਾਂ ਦੀ ਕੰਪਨੀ ਨੂੰ ਅਲਾਟ ਕੀਤਾ ਗਿਆ ਹੈ ਉਹ ਕੀਮਤ ਬੀ ਐਸ ਐਨ ਐਲ ਅਤੇ ਐਮ ਟੀ ਐਨ ਐਲ  ਵਲੋ ਦਿੱਤੀ ਕੀਮਤ ਤੋ ਕਾਫੀ ਘੱਟ ਸੀ. ਵਿਰੋਧੀ ਧਿਰ ਵਲੋ ਇਸ ਵਾਰ ਟੀਮ ਦੇ ਕਪਤਾਨ ਯਾਨੀ ਕਿ ਸਾਫ਼ ਸੁਥਰੇ ਤੇ ਸ਼ਰੀਫ਼ ਡਾ.ਮਨਮੋਹਨ ਸਿੰਘ ਜੀ ਨੂੰ ਇਸ ਮੈਚ ਦਾ ਮੈਨ ਆਫ਼ ਦੀ ਮੈਚ ਸਨਮਾਣ  ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਕਿਉਂਕਿ ਪੁਲਾੜ  ਵਿਭਾਗ ਸਿੱਧਾ ਉਨ੍ਹਾਂ ਦੇ ਹੀ ਅੰਦਰ  ਆਉਂਦਾ ਹੈ .ਜਿਸ ਕਾਰਨ ਇਸ ਵਾਰੀ ਕਿਸੇ ਏ ,ਰਾਜਾ ਦੀ ਬਲੀ ਦੇਣੀ ਵੀ ਮੁਸ਼ਕਿਲ ਹੋਵੇਗੀ.ਇੱਕ ਹੋਰ ਘਟਨਾਕ੍ਰਮ ਵਿਚ ਨਿਊਟ੍ਰਿਲ ਅੰਪਾਂਇਰ ਵਜੋਂ ਸਰਗਰਮ ਜੇ ਪੀ ਸੀ ਦੀ ਮੰਗ ਨੂੰ ਲੈ ਕੇ ਸੰਸਦ ਵਿਚ ਹੁੰਦਾ ਫ੍ਰੈਂਡਲੀ ਮੈਚ ਵੀ ਵਿਰੋਧੀ ਧਿਰ ਨੇ ਹੁਣ ਤਾਂ ਕਾਫੀ ਦੇਰ ਤੋ ਰੋਕ ਰੱਖਿਆਂ ਹੈ. ਹੁਣ ਨਿਊਟ੍ਰਿਲ ਅੰਪਾਇਰਾਂ ਦੀ ਮੰਗ ਵੀ ਮੰਨ ਲਈ ਗਈ ਹੈ ਜਾਂ ਕੋਈ ਹੋਰ ਵਿਚ-ਵਿਚਾਲੇ ਵਾਲਾ ਰਸਤਾ ਲੱਭ ਲਿਆ ਗਿਆਂ ਤਾਂ ਬਜ਼ਟ ਸੈਸ਼ਨ ਵਿਚ ਸ਼ਾਇਦ ਇਹ ਫ੍ਰੈਂਡਲੀ ਮੈਚ ਹੋ ਸਕੇ.ਬਾਕੀ ਜਿਥੇ ਇੰਡੀਅਨ ਕ੍ਰਿਕੇਟ ਟੀਮ ਦੀ ਫਾਰਮ ਨੂੰ ਦੇਖਦੇ ਹੋਏ ਆਸ ਕੀਤੀ ਜਾ ਰਹੀ ਹੈ ਕਿ ਓਹ ਵਰਲਡ ਕੱਪ ਵਿਚ ਵਧੀਆਂ ਪ੍ਰਦਰਸ਼ਨ ਕਰੇਗੀ.ਓਥੇ ਵਧੀਆਂ ਫਾਰਮ ਵਿਚ ਚੱਲ ਰਹੀ ਘਪਲਾ ਸਰਕਾਰ ਤੋ ਵੀ ਉਮੀਦ ਹੈ ਕਿ ਓਹ ਘਪਲੇਬਾਜ਼ੀ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗੀ ਤੇ ਇੱਕ ਵਾਰ ਫਿਰ ਸਾਰਾ ਮੈਦਾਨ ਆਪਣੇ ਹੇਠ ਰੱਖਣ ਮਗਰੋਂ ਪੂਰੇ ਜੋਰ ਸ਼ੋਰ ਨਾਲ ਬੋਲੇਗੀ.....ਮੇਰਾ ਕਾਰਜ ਮਹਾਨ...ਮੇਰਾ ਭਾਰਤ ਮਹਾਨ...!  

ਇੰਦਰਜੀਤ ਸਿੰਘ ਕਾਲਾ ਸੰਘਿਆਂ (98156-39091) 
 

No comments: