Sunday, January 09, 2011

ਹੋਰ ਕਿੰਨੇ ਕੁ ਹਨ ਪੰਜਾਬ ਵਿੱਚ ਬਾਰੂਦ ਦੇ ਢੇਰ...?


ਹਿੰਦੋਸਤਾਨ ਟਾਈਮਜ਼ 'ਚ ਛਪੀ ਖਬਰ 

ਸਰਦੀ 8 ਜਨਵਰੀ ਸ਼ਨੀਵਾਰ ਵਾਲੇ ਦਿਨ ਵੀ ਕਹਿਰ ਤੇ ਸੀ.  ਉਸ ਦਿਨ ਵੀ ਧੁੰਦ ਜ਼ੋਰਾਂ ਤੇ ਸੀ. ਧੰਦ ਦੀ ਇਸ ਕਰੋਪੀ ਕਾਰਣ ਪੂਰਾ ਉੱਤਰ ਭਾਰਤ ਕੰਬ ਰਿਹਾ ਸੀ. ਟੀਵੀ ਤੋਂ ਪ੍ਰੋਗਰਾਮ ਚੱਲ ਰਿਹਾ ਸੀ ਕਿ ਮੰਗਲ ਨੇ ਦੁਪਹਿਰ ਨੂੰ 12 ਵਜੇ ਤੋਂ ਬਾਅਦ ਆਪਣਾ ਸਥਾਨ ਬਦਲ ਕੇ ਧਨੁ ਰਾਸ਼ੀ ਚੋਂ ਮਕਰ ਵਿੱਚ ਚਲੇ ਜਾਣਾ ਹੈ. ਸਾਰੇ ਸ਼ੁਭ ਸੰਕੇਤਾਂ ਦੇ ਨਾਲ ਨਾਲ ਅੱਗ ਲੱਗਣ ਵਰਗੀਆਂ ਭਿਆਨਕ ਘਟਨਾਵਾਂ ਦੀ ਭਵਿੱਖਵਾਣੀ ਵੀ ਕੀਤੀ ਜਾ ਰਹੀ ਸੀ. ਪਰ ਉਸ ਦਿਨ ਸਵੇਰ ਹੁੰਦਿਆਂ ਹੀ ਗੁਰਦਾਸਪੁਰ-ਧਾਰੀਵਾਲ  ਇਲਾਕੇ 'ਚ ਪੈਂਦੇ ਪਿੰਡ ਫੱਜੂਪੁਰ ਵਿਚ ਇਕ ਜਬਰਦਸਤ ਧਮਾਕਾ ਹੋਇਆ. ਲੋਕ ਅਜੇ ਦਹਿਸ਼ਤ ਭਰੀ ਹੈਰਾਨੀ ਵਿੱਚ ਹੀ ਸਨ ਕਿ ਤੀਹ ਸਕਿੰਟਾਂ ਦੇ ਵਕਫੇ ਮਗਰੋਂ ਇੱਕ ਹੋਰ ਧਮਾਕਾ ਹੋਇਆ.ਇਹ ਉਹ ਧਮਾਕੇ ਸਨ ਜਿਹਨਾਂ ਦਾ ਡਰ ਬੜੇ ਚਿਰਾਂ ਤੋਂ ਬਣਿਆ ਹੋਇਆ ਸੀ. ਲੋਕਾਂ ਨੇ ਪ੍ਰਸ਼ਾਸਨ ਨੂੰ ਬਾਰ ਬਾਰ ਸੁਚੇਤ ਕਰਨ ਲਈ ਦਫਤਰਾਂ ਦੇ ਗੇੜੇ ਕਢੇ ਸਨ ਪਰ ਕਿਸੇ ਦੇ ਕੰਨਾਂ ਤੇ ਜੂਨ ਤੱਕ ਵੀ  ਨਹੀਂ ਸੀ ਸਰਕੀ.ਪ੍ਰਸ਼ਾਸਨ ਦੀ ਜਾਗ ਧਮਾਕੇ ਮਗਰੋਂ ਹੀ ਖੁੱਲੀ. ਪ੍ਰਾਪਤ ਵੇਰਵੇ ਮੁਤਾਬਿਕ ਸਵੇਰੇ ਸਵੇਰੇ ਤਕਰੀਬਨ ਸਾਢੇ ਕੁ ਅਠ ਵਜੇ ਧਾਰੀਵਾਲ ਦੇ ਨਾਲ ਲਗਦੇ  ਮਕਾਨ ਵਿਚ ਰੱਖੀ ਆਤਿਸ਼ਬਾਜ਼ੀ ਨੂੰ ਅਚਾਨਕ ਅੱਗ ਲੱਗਣ ਨਾਲ ਹੋਏ ਵਿਸਫੋਟ ਕਾਰਨ ਘਟੋਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦਸ ਵਿਅਕਤੀ ਜ਼ਖਮੀ ਹੋ ਗਏ. ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਇੰਸਪੈਕਟਰ ਜਨਰਲ ਬਾਰਡਰ ਰੇਂਜ ਨੂੰ ਘਟਨਾ ਦੀ ਜਾਂਚ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਫੱਜੂਪੁਰ ਪਿੰਡ ਦੇ ਇਕ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਘਰ ‘ਚ ਤਿਆਰ ਕਰਕੇ ਰੱਖੀ ਗਈ ਆਤਿਸ਼ਬਾਜ਼ੀ ਨੂੰ ਅੱਗ ਲੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਪੰਜ ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ। 
ਜਗ ਬਾਣੀ 'ਚ ਪ੍ਰਕਾਸ਼ਿਤ ਖਬਰ    
ਇਨ੍ਹਾਂ ਮਕਾਨਾਂ ਵਿਚੋਂ ਇਕ ਮਕਾਨ ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਦਾ ਸੀ, ਜੋ ਆਪਣੇ ਮਕਾਨ ਵਿਚ ਆਤਿਸ਼ਬਾਜ਼ੀ ਤਿਆਰ ਕਰਨ ਦਾ ਧੰਦਾ ਕਰਦਾ ਸੀ।  ਧਮਾਕੇ ਦੀ ਖਬਰ ਦਾ ਪਤਾ ਲਗਦਿਆਂ ਹੀ ਡੀ. ਐੱਸ. ਪੀ. ਜਸਪਾਲ ਸਿੰਘ, ਡੀ. ਐੱਸ. ਪੀ. ਨਰਿੰਦਰ ਬੇਦੀ ਅਤੇ ਧਾਰੀਵਾਲ ਪੁਲਸ ਸਟੇਸ਼ਨ ਦੇ ਇੰਚਾਰਜ ਬਿਕਰਮਜੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਵੀ ਗੁਰਦਾਸਪੁਰ ਤੋਂ ਬੁਲਾਇਆ ਗਿਆ ਪਰ ਘਟਨਾ ਵਾਲੇ ਸਥਾਨ ਨੂੰ ਜਾਣ ਵਾਲੀ ਗਲੀ ਦੀ ਚੌੜਾਈ ਘੱਟ ਹੋਣ ਕਾਰਨ ਰਾਹਤ ਕੰਮਾਂ ਵਿਚ ਬਾਰ  ਬਾਰ ਰੁਕਾਵਟ ਆਉਂਦੀ ਰਹੀ. ਪੁਲਸ ਨੇ ਲੋਕਾਂ ਦੀ ਮਦਦ ਤੇ ਗੈਸ ਕਟਰ ਨਾਲ ਲੈਂਟਰ ਨੂੰ ਕੱਟ ਕੇ ਮਲ੍ਹਬੇ ਵਿਚ ਦੱਬੇ ਮ੍ਰਿਤਕਾਂ ਅਤੇ ਜ਼ਖਮੀਆ ਨੂੰ ਬਾਹਰ ਕੱਢਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਪ੍ਰਿਥੀ ਚੰਦ, ਐੱਸ. ਡੀ. ਐਮ ਜੈਪਾਲ ਸਿੰਘ, ਸਿਵਲ ਸਰਜਨ ਡਾ. ਦਲੀਪ ਚੰਦ ਅਤੇ ਹੋਰ ਅਧਿਕਾਰੀ ਵੀ ਡਾਕਟਰਾਂ ਦੀ ਟੀਮ ਨਾਲ ਮੌਕੇ ‘ਤੇ ਪਹੁੰਚੇ।  ਧਮਾਕੇ ਵਿਚ ਮਰਨ ਵਾਲਿਆਂ ਦੀ ਸ਼ਨਾਖਤ ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ, ਉਸ ਦੀ ਪਤਨੀ ਡਿੰਪਲ, ਉਸਦੀਆਂ ਬੇਟੀਆਂ ਨੇਹਾ ਅਤੇ ਕਾਜਲ, ਕਿਰਨ ਕੁਮਾਰੀ ਪੁੱਤਰੀ ਬੀਰਾ ਸਿੰਘ, ਅਤੇ ਲਾਜਵੰਤੀ ਪਤਨੀ ਗਿਰਧਾਰੀ ਲਾਲ ਵਜੋਂ ਹੋਈ ਹੈ। ਲਾਜਵੰਤੀ ਦੀ ਉਮਰ 65 ਸਾਲ, ਕਿਰਣ ਦੀ ਉਮਰ 20 ਸਾਲ ਅਤੇ ਡਿੰਪਲ ਦੀ ਉਮਰ 35 ਸਾਲਾਂ ਦੀ ਸੀ. ਇਸ ਧਮਾਕੇ ਦਾ ਖਦਸ਼ਾ ਬਹੁਤ ਚਿਰ ਤੋਂ ਸੀ. ਲੋਕਾਂ ਨੇ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਪਰ ਹੋਇਆ ਉਹੀ ਜੋ ਅਕਸਰ ਹੀ ਸਰਕਾਰੀ ਕੰਮਾਂ 'ਚ ਹੁੰਦਾ ਹੈ. ਇਸ ਧਮਾਕੇ ਨੇ ਕਈਆਂ ਨੂੰ ਨਿਗਲ ਲਿਆ. ਹੁਣ ਦੇਖਣਾ ਇਹ ਹੈ ਕਿ ਪੰਜਾਬ ਵਿੱਚ ਬਾਰੂਦ ਦੇ ਅਜਿਹੇ ਹੋਰ ਢੇਰ ਕਿੰਨੇ ਕੁ ਹਨ ? ਜੇ ਤੁਹਾਡੇ ਨੇੜੇ ਤੇੜੇ ਵੀ ਕੁਝ ਅਜਿਹਾ ਹੀ ਵਾਪਰ ਰਿਹਾ ਹੈ ਤਾਂ ਉਸਦਾ ਵੇਰਵਾ ਜ਼ਰੂਰ ਭੇਜੋ. ਜੇ ਤੁਸੀਂ ਚਾਹੋਂਗੇ ਤਾਂ ਤੁਹਾਡਾ ਨਾਮ ਜਨਤਕ ਨਹੀਂ ਕੀਤਾ ਜਾਵੇਗਾ. 
---ਰੈਕਟਰ ਕਥੂਰੀਆ   

1 comment:

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ, ਬੜੀ ਮਾੜੀ ਖ਼ਬਰ ਹੈ ਪਰ ਸਿੱਧੇ ਤੌਰ 'ਤੇ ਪ੍ਰਸਾਸ਼ਨ ਜ਼ੁਮੇਵਾਰ ਹੈ, ਜੋ ਕਿ ਸੁਰੱਖਿਆ ਸਬੰਧੀ ਬਣੇ ਨਿਯਮ ਲਾਗੂ ਨਹੀਂ ਕਰਦੇ, ਬੱਸ ਪੈਸਾ ਦਿਖਾਓ 'ਤੇ ਜੋ ਮਰਜ਼ੀ ਕਰੋ ਭਾਵੇਂ ਲੋਕਾਂ ਦੀਆਂ ਜਾਨਾਂ ਨਾਲ ਖੇਡੋ । ਵਿਦੇਸ਼ਾਂ ਵਿੱਚ ਅਜਿਹਾ ਕੁੱਝ ਨਹੀਂ ਹੁੰਦਾ ਕਿਉਂਕਿ ਕਨੂਨ ਬਹੁੱਤ ਹੀ ਸਖਤ ਹਨ । ਭਾਰਤ ਸਰਕਾਰ ਨੂੰ ਇਸ ਸਬੰਧੀ ਸੁਹਿਰਦਤਾ ਨਾਲ ਸੋਚਣਾ ਚਾਹੀਦਾ ਹੈ । ਕਥੂਰੀਆ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਜੋ ਹਮੇਸ਼ਾ ਹੀ ਲੋਕਾਂ ਨੂੰ ਜਾਗ੍ਰਿਤ ਕਰਦੇ ਹੋ, ਸ਼ਾਲਾ ਤੁਹਾਡੇ ਇਹਨਾਂ ਕਾਰਜਾਂ ਵਿੱਚ ਤੁਹਾਨੂੰ ਸਫ਼ਲਤਾ ਮਿਲੇ । ਸਭ ਦੋਸਤਾਂ ਨੂੰ ਅਜਿਹੇ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਣਾ ਚਾਹੀਦਾ ਹੈ ।