Tuesday, January 11, 2011

ਯੋਗ ਥਰੈਪੀ ਨਾਲ ਛੇਤੀ ਠੀਕ ਹੁੰਦੇ ਹਨ ਦਿਲ ਦੇ ਮਰੀਜ਼

ਯੋਗ, ਸਿਹਤ ਅਤੇ ਸਮਾਜਿਕ ਤਬਦੀਲੀਆਂ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਅਧੀਨ ਇੱਕ ਅੰਤਰ ਰਾਸ਼ਟਰੀ ਸੰਮੇਲਨ ਹਰਦਵਾਰ ਵਿਖੇ ਕਰਾਇਆ ਗਿਆ. ਪਤੰਜਲੀ ਯੋਗ ਪੀਠ ਦੇ ਉੱਦਮ ਅਤੇ ਉਪਰਾਲੇ ਨਾਲ ਹੋਏ ਇਸ ਸੰਮੇਲਨ ਵਿੱਚ ਦੁਨੀਆ ਦੇ ਵੱਖ ਹਿਸਿਆਂ 'ਚੋਂ ਆਏ ਤਿੰਨ ਹਜ਼ਾਰ ਪ੍ਰਤੀਨਿਧਾਂ ਨੇ ਭਾਗ ਲਿਆ. ਆਪਣੀ ਕਿਸਮ ਦੇ ਇਸ ਪਹਿਲੇ ਸੰਮੇਲਨ ਦਾ ਆਯੋਜਨ ਦੋ ਤੋਂ ਪੰਜ ਜਨਵਰੀ ਤੱਕ ਹੋਇਆ. ਇਸ ਯਾਦਗਾਰੀ ਆਯੋਜਨ ਵਿੱਚ ਸੀ ਐਮ ਸੀ ਹਸਪਤਾਲ ਲੁਧਿਆਣਾ ਵੱਲੋਂ ਡਾਕਟਰ ਹਰਿੰਦਰ ਸਿੰਘ ਬੇਦੀ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ. ਡਾਕਟਰ ਬੇਦੀ ਨੇ ਇਸ ਇੱਕਠ ਵਿੱਚ ਸ਼ਾਮਿਲ ਦੁਨੀਆ ਭਰ ਦੇ ਪ੍ਰਤੀਨਿਧਾਂ ਨੂੰ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਦੌਰਾਨ ਯੋਗ ਦੀ ਵਰਤੋਂ ਨਾਲ ਮਰੀਜ਼ ਛੇਤੀ ਠੀਕ ਹੁੰਦੇ ਹਨ. 
ਉਹਨਾਂ ਦੱਸਿਆ ਕਿ ਜੇ ਹਾਰਟ ਸਰਜਰੀ ਤੋਂ ਪਹਿਲਾਂ ਅਤੇ ਮਗਰੋਂ ਯੋਗ ਥਰੈਪੀ ਦਾ ਵੀ ਸਹਾਰਾ ਲਿਆ ਜਾਵੇ ਤਾਂ ਨਤੀਜੇ ਬਹੁਤ ਹੀ ਚੰਗੇ ਨਿਕਲਦੇ ਹਨ. ਉਹਨਾਂ ਇਹ ਵੀ ਦਸਿਆ ਕਿ ਸੀ ਐਮ ਸੀ ਹਸਪਤਾਲ ਲੁਧਿਆਣਾ ਵੱਲੋਂ ਯੋਗ ਥਰੈਪੀ ਨੂੰ ਪਹਿਲਾਂ ਹੀ ਇਸ ਮਕਸਦ ਲਈ ਵਰਤਿਆ ਜਾ ਰਿਹਾ ਹੈ. ਡਾਕਟਰ ਬੇਦੀ ਦੇ ਲੈਕਚਰ ਨੂੰ ਜਿਸ ਪੈਨਲ ਨੇ ਸੁਣਿਆ ਅਤੇ ਸਰਾਹਿਆ ਉਸ ਵਿੱਚ ਇਟਲੀ, ਅਮਰੀਕਾ ਅਤੇ ਇੰਗਲੈਂਡ ਦੇ ਡਾਕਟਰ ਵੀ ਮੌਜੂਦ ਸਨ.  ਇਸ ਕਾਨਫਰੰਸ ਵਿੱਚ ਦਸ ਹੋਰ ਮਾਹਿਰ ਡਾਕਟਰਾਂ ਨੇ ਆਪੋ ਆਪਣੇ ਪੇਪਰ ਪੜ੍ਹੇ ਪਰ ਡਾਕਟਰ ਬੇਦੀ ਦੇ ਪੇਪਰ ਨੂੰ ਬੈਸਟ ਪੇਪਰ ਦਾ ਐਵਾਰਡ ਪ੍ਰਾਪਤ ਹੋਇਆ.  ਏਸੇ ਦੌਰਾਨ ਸੀ ਐਮ ਸੀ ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾਕਟਰ ਅਬਰਾਹੀਮ ਥੋਮਸ ਨੇ ਕਿਹਾ ਕਿ ਸੀ ਐਮ ਸੀ ਹਸਪਤਾਲ ਇਸ ਖੇਤਰ ਦੇ ਲੋਕਾਂ ਨੂੰ ਇਲਾਜ ਦੀਆਂ  ਵਿਸ਼ਵ ਪਧਰ ਵਾਲਿਆਂ ਸਹੂਲਤਾਂ ਦੇਣ ਲਈ ਵਚਨਬਧ ਹੈ. ਉਹਨਾਂ ਇਹ ਵੀ ਕਿਹਾ ਕਿ ਸੀ ਐਮ ਸੀ ਵਿੱਚ ਜਿਹਨਾਂ ਆਲਟਰਨੇਟਿਵ  ਥ੍ਰੈਪੀਆਂ ਬਾਰੇ ਰਿਸਰਚ ਚਲ ਰਹੀ ਹੈ ਉਹਨਾਂ ਵਿੱਚ ਯੋਗ ਥਰੈਪੀ ਵੀ ਸ਼ਾਮਿਲ ਹੈ. --ਰੈਕਟਰ ਕਥੂਰੀਆ  

No comments: